ਲਹਿਰਾਗਾਗਾ, 26 ਅਪ੍ਰੈਲ (ਅਸ਼ੋਕ ਗਰਗ)-ਨੇੜਲੇ ਪਿੰਡ ਚੰਗਾਲੀਵਾਲਾ ਵਿਖੇ ਚੋਰਾਂ ਵੱਲੋਂ ਦਿਨ ਦਿਹਾੜੇ ਇੱਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਉੱਥੋਂ ਸੋਨਾ, ਚਾਂਦੀ ਅਤੇ ਨਕਦੀ ਲੈ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਬਲਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਸੰਗਤਪੁਰਾ ਆਪਣੀ ਪਤਨੀ ਸਮੇਤ ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਆਪਣੇ ਘਰ ਨੂੰ ਤਾਲੇ ਲਗਾ ਕੇ ਕਿਸੇ ਨਿੱਜੀ ਕੰਮ ਲਈ ਬਾਹਰ ਗਏ ਹੋਏ ਸਨ | ਜਦੋਂ ਉਹ ਸ਼ਾਮ ਕਰੀਬ ਸਾਢੇ 7 ਵਜੇ ਵਾਪਸ ਘਰ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਅਣਪਛਾਤੇ ਚੋਰ ਮਕਾਨ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਕਮਰਿਆਂ ਦੇ ਮੇਨ ਤਾਲੇ ਤੋੜ ਦਿੱਤੇ | ਚੋਰਾਂ ਨੇ ਘਰ ਅੰਦਰ ਪਈਆਂ ਦੋ ਅਲਮਾਰੀਆਂ ਅਤੇ ਤਿੰਨ ਬੌਕਸ ਬੈੱਡ ਖੋਲ੍ਹ ਕੇ ਸਮਾਨ ਦੀ ਉਲਟ-ਪਲਟ ਕੀਤੀ ਅਤੇ ਘਰ ਵਿਚੋਂ ਕਰੀਬ 8-9 ਤੋਲੇ ਸੋਨੇ ਤੋਂ ਇਲਾਵਾ ਚਾਂਦੀ ਦੇ ਗਹਿਣੇ, ਲਗਭਗ ਦੋ ਲੱਖ ਰੁਪਏ ਨਗਦ ਅਤੇ ਕੁੱਝ ਜ਼ਰੂਰੀ ਦਸਤਾਵੇਜ਼ ਚੋਰੀ ਕਰ ਕੇ ਫ਼ਰਾਰ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਲਹਿਰਾਗਾਗਾ ਦੀ ਪੁਲਿਸ ਮੌਕੇ 'ਤੇ ਫੋਰੈਂਸਿਕ ਟੀਮ ਪਹੁੰਚੀ ਅਤੇ ਘਟਨਾ ਸਥਾਨ ਤੋਂ ਫਿੰਗਰਪਿ੍ੰਟ ਲਈ ਅਤੇ ਘਟਨਾ ਦਾ ਜਾਇਜ਼ਾ ਲਿਆ | ਪੀੜਤ ਬਲਦੀਪ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕੀਤਾ ਜਾਵੇ ਅਤੇ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਜਾਵੇ | ਦੂਜੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |