ਬਠਿੰਡਾ, 26 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਐੱਸ.ਸੀ ਵਿਭਾਗ ਵਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੂਬਾ ਸਲਾਹਕਾਰ ਕੌਂਸਲ ਦਾ ਗਠਨ ਕੀਤਾ ਗਿਆ, ਜਿਸ ਵਿਚ ਬਠਿੰਡਾ ਜ਼ਿਲੇ੍ਹ ਦੇ ਤਿੰਨ ਪ੍ਰਮੁੱਖ ਆਗੂਆਂ ਨੂੰ ਸੂਬਾ ਪੱਧਰ 'ਤੇ ਅਹਿਮ ਅਹੁਦੇ ਦਿੱਤੇ ਗਏ ਹਨ | ਆਲ ਇੰਡੀਆ ਕਾਂਗਰਸ ਕਮੇਟੀ, ਐਸ.ਸੀ. ਵਿਭਾਗ ਦੇ ਕੌਮੀ ਚੇਅਰਮੈਨ ਰਾਜੇਂਦਰਾ ਪਾਲ ਗੌਤਮ ਵਲੋਂ ਸੂਬਾ 'ਸਲਾਹਕਾਰ ਕੌਂਸਲ' 'ਚ ਪਾਰਟੀ ਦੇ ਤਜਰਬੇਕਾਰ ਆਗੂਆਂ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ¢ ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ ਲੱਕੀ ਪੱਖੋਕੇ ਨੂੰ ਕੌਂਸਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ, ਜਦਕਿ ਉਨ੍ਹਾਂ ਦੇ ਨਾਲ ਸ਼ਾਮਲ ਕੀਤੇ 16 ਮੈਂਬਰਾਂ ਵਿਚ ਬਠਿੰਡਾ ਜ਼ਿਲ੍ਹੇ ਤੋਂ 'ਪੰਜਾਬ ਵਿਧਾਨ ਸਭਾ' ਦੇ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅਤੇ ਉੱਘੇ ਦਲਿਤ ਆਗੂ ਕਿਰਨਜੀਤ ਸਿੰਘ ਗਹਿਰੀ ਨੂੰ ਕੌਂਸਲ ਮੈਂਬਰ ਵਜੋਂ ਜਗ੍ਹਾ ਦਿੱਤੀ ਗਈ ਹੈ¢ ਦੱਸਣਯੋਗ ਹੈ ਕਿ ਪ੍ਰੀਤਮ ਸਿੰਘ ਕੋਟਭਾਈ ਮੌਜੂਦਾ ਸਮੇਂ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਭੂਮਿਕਾ ਨਿਭਾ ਰਹੇ ਹਨ, ਜਦਕਿ ਕਿਰਨਜੀਤ ਸਿੰਘ ਗਹਿਰੀ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਦੇ ਚੇਅਰਮੈਨ ਹਨ¢ ਇਹ ਨਿਯੁਕਤੀਆਂ ਕਾਂਗਰਸ ਵਲੋਂ ਦਲਿਤ ਵਰਗ ਵਿਚ ਆਪਣੀ ਪਕੜ ਮਜ਼ਬੂਤ ਕਰਨ ਅਤੇ ਸੰਗਠਨਕ ਢਾਂਚੇ ਨੂੰ ਮਜ਼ਬੂਤੀ ਦੇਣ ਲਈ ਇਕ ਮਹੱਤਵਪੂਰਨ ਕਦਮ ਮੰਨੀਆਂ ਜਾ ਰਹੀਆਂ ਹਨ¢ ਤਿੰਨੋ ਆਗੂਆਂ ਨੇ ਆਪਣੀਆਂ ਨਿਯੁਕਤੀਆਂ ਲਈ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪਹਿਲਾਂ ਵਾਂਗ ਪੂਰੀ ਤਨਦੇਹੀ ਨਾਲ ਨਿਭਾਉਣਗੇ |