ਮਲੇਰਕੋਟਲਾ, 27 ਅਪ੍ਰੈਲ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਅਜੋਕੇ ਸਮੇਂ ਇਨਸਾਨੀ ਜ਼ਿੰਦਗੀਆਂ ਲਈ ਆਕਸੀਜਨ ਦੇ ਰੂਪ ਵਿੱਚ 'ਸਾਹਾਂ ਦੀ ਡੋਰ' ਮੰਨੇ ਜਾਂਦੇ ਦਰੱਖਤਾਂ ਦੇ ਕਤਲੇਆਮ ਦੀ ਦਰਦ ਕਹਾਣੀ ਵਾਤਾਵਰਨ ਨੂੰ ਬਚਾਉਣ ਵਾਲੇ ਸੱਜਣਾਂ ਦੇ ਕਾਲਜੇ ਧੂਅ ਪਾਉਂਦੀ ਹੈ | ਬੀਤੇ ਸਮੇਂ ਤੋਂ ਹਰੀ-ਕਚਨਾਰ ਬਨਸਪਤੀ ਨੂੰ ਅੱਗ ਦੇ ਹਵਾਲੇ ਕਰਨ ਦਾ ਸਿਲਸਿਲਾ ਬਾਦਸਤੂਰ ਅੱਜ ਵੀ ਜਾਰੀ ਹੈ | ਅੱਜ ਮਲੇਰਕੋਟਲਾ-ਲੁਧਿਆਣਾ ਮੁੱਖ ਸੜਕ 'ਤੇ ਪਿੰਡ ਭੋਗੀਵਾਲ ਨੇੜੇ ਮੁੱਖ ਮਾਰਗ ਕਿਨਾਰੇ ਖੜ੍ਹੇ ਦਰਜਨਾਂ ਹਰੇ-ਭਰੇ ਦਰੱਖਤ ਅੱਗ ਦੀ ਭੇਟ ਚੜ੍ਹ ਗਏ, ਅੱਗ ਇਨੀ ਭਿਆਨਕ ਸੀ ਕਿ ਉਸ ਨੇ ਦਰਖ਼ਤਾਂ ਦੀਆਂ ਮੋਟੀਆਂ ਗੇਲੀਆਂ ਤੱਕ ਨੂੰ ਵੀ ਸਾੜ ਦਿੱਤਾ | ਅੱਗ ਬੁਝਾਉਣ ਦੇ ਲਈ ਭਾਵੇਂ ਪ੍ਰਸ਼ਾਸਨ ਵੱਲੋਂ ਜੱਦੋ-ਜਹਿਦ ਜ਼ਰੂਰ ਕੀਤੀ ਗਈ ਪਰ ਫਿਰ ਵੀ ਦਰਖ਼ਤਾਂ ਦਾ ਭਾਰੀ ਨੁਕਸਾਨ ਹੋ ਗਿਆ | ਅੱਗ ਨੂੰ ਕਾਬੂ ਕਰਨ ਦੇ ਲਈ ਫਾਇਰ ਬਿ੍ਗੇਡ ਦੀਆਂ ਗੱਡੀਆਂ ਤੱਕ ਦੀ ਵਰਤੋਂ ਕਰਨੀ ਪਈ | ਆਲੇ-ਦੁਆਲੇ ਦੇ ਕਿਸਾਨਾਂ ਵੱਲੋਂ ਵੀ ਅੱਗ ਨੂੰ ਬੁਝਾਉਣ ਲਈ ਯਤਨ ਕੀਤੇ ਗਏ | ਪ੍ਰਤੱਖ ਦਰਸ਼ੀਆਂ ਮੁਤਾਬਿਕ ਅੱਗ ਦੇ ਕਹਿਰ ਭਰੇ ਤਾਡਵ ਤੋਂ ਮੋਟੇ ਦਰੱਖ਼ਤ ਵੀ ਬਚ ਨਾ ਸਕੇ | ਇਸ ਅਹਿਮ ਮਸਲੇ ਸਬੰਧੀ ਵਾਤਾਵਰਨ ਪ੍ਰੇਮੀਆਂ ਨੇ ਆਖਿਆ ਕਿ ਇੱਕ ਪਾਸੇ ਤਾਂ ਸਰਕਾਰ ਤੇ ਵਾਤਾਵਰਨ ਚਿੰਤਕਾਂ ਵੱਲੋਂ ਬਨਸਪਤੀ ਨੂੰ ਬਚਾਉਣ ਦੇ ਲਈ ਯਤਨ ਕੀਤੇ ਜਾਂਦੇ ਹਨ ਪਰ ਦੂਜੇ ਪਾਸੇ ਕਿੰਨੇ ਹੀ ਦਰਖੱਤ ਆਏ ਦਿਨ ਅੱਗ ਦੀ ਭੇਟ ਚੜ੍ਹ ਰਹੇ ਹਨ | ਕਿਉਂਕਿ ਇਹ ਇੱਕ ਚਿੰਤਾਜਨਕ ਵਿਸ਼ਾ ਹੈ ਕਿ ਜੇਕਰ ਦਰੱਖ਼ਤ ਹੀ ਨਾ ਰਹੇ ਤਾਂ ਇਨਸਾਨਾਂ ਦੇ ਸਾਹਾਂ ਦੀ ਡੋਰ ਵੀ ਇੱਕ ਦਿਨ ਟੁੱਟਦੀ-ਟੁਟਦੀ ਟੁੱਟ ਜਾਵੇਗੀ | ਦਰੱਖ਼ਤ ਸਾਨੂੰ ਆਕਸੀਜਨ ਰੂਪੀ ਜ਼ਿੰਦਗੀ ਤਾਂ ਬਖਸ਼ਦੇ ਹੀ ਹਨ ਉੱਥੇ ਹੀ ਮੌਸਮ ਨੂੰ ਸਹੀ ਰੱਖਣ ਵਿੱਚ ਵੀ ਆਪਣਾ ਭਰਵਾਂ ਯੋਗਦਾਨ ਪਾਉਂਦੇ ਹਨ ਪਰ ਸਾਡੀ ਪਤਾ ਨਹੀਂ ਅਜਿਹੀ ਕੀ ਮਜ਼ਬੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਸਾਹਾਂ ਦੀ ਡੋਰ ਨੂੰ ਹੀ ਕੱਟਣ ਵਿੱਚ ਮਸਤ ਹਾਂ | ਚੰਗਾ ਹੋਵੇ ਜੇਕਰ ਸਬੰਧਿਤ ਵਿਭਾਗ ਤੇ ਪ੍ਰਸ਼ਾਸਨ ਲੱਗ ਰਹੀਆਂ ਇਨ੍ਹਾਂ ਅੱਗਾਂ ਨੂੰ ਕਾਬੂ ਕਰਨ ਦੇ ਲਈ ਠੋਸ ਯਤਨ ਕਰਦਿਆਂ ਅੱਗ ਲਗਾਉਣ ਵਾਲਿਆਂ ਤੇ ਕਾਰਵਾਈ ਕਰੇ | ਜਦ ਇਸ ਸਬੰਧੀ ਥਾਣਾ ਸਦਰ ਅਹਿਮਦਗੜ੍ਹ ਦੇ ਮੁਖੀ ਬੀਬਾ ਗੁਰਪ੍ਰੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਸੰਬੰਧਿਤ ਵਿਭਾਗ ਵੱਲੋਂ ਰਿਪੋਰਟ ਆਉਣ ਤੋਂ ਬਾਅਦ ਜ਼ਰੂਰ ਬਣਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਸਬੰਧੀ ਬਕਾਇਦਾ ਪੜਤਾਲ ਵੀ ਕੀਤੀ ਜਾਵੇਗੀ ਕਿ ਅੱਗ ਲੱਗਣ ਦੇ ਕਾਰਨ ਕੀ ਬਣੇ ਹਨ ਜਿਸ ਨਾਲ ਦਰਜਨਾਂ ਦਰੱਖਤਾਂ ਦਾ ਨੁਕਸਾਨ ਹੋਇਆ ਹੈ |