ਖਨੌਰੀ, 27 ਅਪ੍ਰੈਲ (ਬਲਵਿੰਦਰ ਸਿੰਘ ਥਿੰਦ)-ਪਿਛਲੇ ਤਿੰਨ ਦਿਨਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਟਰੱਕ ਯੂਨੀਅਨ ਖਨੌਰੀ ਦਾ ਢੋਆ ਢੁਆਈ ਦੇ ਰੇਟਾਂ ਨੂੰ ਲੈ ਕੇ ਚੱਲ ਰਿਹਾ ਰੇੜਕਾ ਆਖਰ ਖ਼ਤਮ ਹੋ ਗਿਆ ਹੈ ਅਤੇ ਆਪਸੀ ਗੱਲਬਾਤ ਰਾਹੀਂ ਜਿੱਥੇ ਰੇਟਾਂ ਦੇ ਰੌਲੇ ਰੱਪੇ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਉੱਥੇ ਹੁਣ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਨਾਲ ਯੂਨੀਅਨ ਦਾ ਕੰਮ ਚਲਾਉਣ ਲਈ ਟਰੱਕ ਅਪਰੇਟਰਾਂ ਵੱਲੋਂ 7 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਟਰੱਕ ਯੂਨੀਅਨ ਖਨੌਰੀ ਦੇ ਆਪ੍ਰੇਟਰਾਂ ਵੱਲੋਂ ਢੋਆ ਢੁਆਈ ਦੇ ਰੇਟਾਂ ਨੂੰ ਲੈ ਕੇ ਯੂਨੀਅਨ ਦੀ ਪੁਕਾਰ ਬੰਦ ਕਰਵਾ ਸਾਰਾ ਕੰਮ ਬੰਦ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਜਦੋਂ ਤੱਕ ਉਨ੍ਹਾਂ ਨੂੰ ਅਨਾਜ ਮੰਡੀਆਂ ਵਿੱਚੋਂ ਢੋਆ ਢੁਆਈ ਦੇ ਸਹੀ ਰੇਟ ਨਹੀਂ ਮਿਲਦੇ, ਅਸੀਂ ਉਦੋਂ ਤੱਕ ਮਾਲ ਨਹੀਂ ਢੋਵਾਂਗੇ | ਇਸ ਉਪਰੰਤ ਅਨਾਜ ਮੰਡੀ ਖਨੌਰੀ ਸਮੇਤ ਨਾਲ ਪੈਂਦੇ ਕਰੀਬ 7-8 ਖ਼ਰੀਦ ਕੇਂਦਰਾਂ ਵਿੱਚ ਵੀ ਭਰੇ ਕਣਕ ਦੇ ਗੱਟਿਆਂ ਦੀ ਚੁਕਾਈ ਦਾ ਸਾਰਾ ਕੰਮ ਠੱਪ ਹੋ ਜਾਣ ਨਾਲ ਆੜ੍ਹਤੀਆਂ ਨੂੰ ਵੀ ਕਾਫੀ ਪਰੇਸ਼ਾਨੀ ਆਈ | ਜਿਸ ਨੂੰ ਲੈ ਕੇ ਖਨੌਰੀ ਦੇ ਕੁੱਝ ਪਤਵੰਤੇ ਵਿਅਕਤੀਆਂ, ਜਿਨ੍ਹਾਂ ਵਿੱਚ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਗਿਰਧਾਰੀ ਲਾਲ ਗਰਗ, ਆਪ ਆਗੂ ਵਿਸ਼ਾਲ ਕਾਂਸਲ, ਰਣਜੀਤ ਸਿੰਘ ਜੀਤੀ ਨੰਬਰਦਾਰ, ਸੁਰਿੰਦਰ ਸੰਗਰੋਲੀ, ਸਾਬਕਾ ਕੌਂਸਲਰ ਬਲਬੀਰ ਸਿੰਗਲਾ ਸਮੇਤ ਕੁੱਝ ਹੋਰ ਪਤਵੰਤੇ ਸੱਜਣ ਟਰੱਕ ਯੂਨੀਅਨ ਖਨੌਰੀ ਨੇ ਆਪਸੀ ਗੱਲਬਾਤ ਰਾਹੀਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਐਤਵਾਰ ਸ਼ਾਮ ਤੱਕ ਇਹ ਮਾਮਲਾ ਹੱਲ ਨਾਂ ਹੋਇਆ ਤੇ ਅੱਜ ਵੀ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਗਿਰਧਾਰੀ ਲਾਲ ਗਰਗ, ਮਾਰਕੀਟ ਕਮੇਟੀ ਖਨੌਰੀ ਦੇ ਸਾਬਕਾ ਵਾਈਸ ਚੇਅਰਮੈਨ ਬਲਰਾਜ ਸ਼ਰਮਾ, ਸਾਬਕਾ ਕੌਂਸਲਰ ਬਲਬੀਰ ਸਿੰਗਲਾ, ਟਰੱਕ ਯੂਨੀਅਨ ਦੀ ਨਵ ਨਿਯੁਕਤ 7 ਮੈਂਬਰੀ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੇ ਕਈ ਹੋਰ ਪਤਵੰਤਿਆਂ ਦੀਆਂ ਕੋਸ਼ਿਸ਼ਾਂ ਸਦਕਾ ਕਾਫੀ ਜਦੋਂ ਜਹਿਦ ਉਪਰੰਤ ਇਹ ਮਾਮਲਾ ਹੱਲ ਹੋਇਆ ਤੇ ਹੋਈ ਮੀਟਿੰਗ ਦੌਰਾਨ ਜਿੱਥੇ ਪ੍ਰਧਾਨ ਤੇ ਠੇਕੇਦਾਰ ਨਾਲ ਗੱਲਬਾਤ ਦੌਰਾਨ ਲਿਖਤੀ ਤੌਰ ਤੇ ਰੇਟ ਤਹਿ ਕੀਤੇ ਗਏ, ਉੱਥੇ ਹੀ ਟਰੱਕ ਆਪ੍ਰੇਟਰਾਂ ਦੀ 7 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ | ਜਿਸ ਵਿੱਚ ਨਿਰਮਲ ਸਿੰਘ, ਸਤਨਾਮ ਸਿੰਘ, ਹਰਜਿੰਦਰ ਸਿੰਘ ਰਾਜੂ, ਗੁਰਮੇਲ ਸਿੰਘ, ਸਤਬੀਰ ਸਿੰਘ, ਗੁਰਮੀਤ ਸਿੰਘ ਅਤੇ ਅਤਰ ਸਿੰਘ ਸ਼ਾਮਲ ਹਨ | ਟਰੱਕ ਯੂਨੀਅਨ ਦਾ ਵਿਵਾਦ ਹੱਲ ਜਾਣ ਉਪਰੰਤ ਸਮੂਹ ਟਰੱਕ ਆਪ੍ਰੇਟਰਾਂ ਅਤੇ ਡਰਾਈਵਰਾਂ ਨੇ ਸ਼ੁਕਰਾਨਾ ਅਦਾ ਕਰਦਿਆਂ ਹੋਇਆਂ ਜਿੱਥੇ ਟਰੱਕ ਯੂਨੀਅਨ ਵਿਖੇ ਲੱਗੇ ਸ੍ਰੀ ਨਿਸ਼ਾਨ ਸਾਹਿਬ ਸਾਹਮਣੇ ਨਤਮਸਤਕ ਹੋਏ, ਉੱਥੇ ਇਸ ਮੌਕੇ ਲੱਡੂ ਵੀ ਵੰਡੇ ਗਏ | ਇਹ ਵਿਵਾਦ ਹੱਲ ਹੋ ਜਾਣ ਤੇ ਆਪ੍ਰੇਟਰਾਂ, ਡਰਾਈਵਰਾਂ, ਆੜ੍ਹਤੀਆਂ, ਪੱਲੇਦਾਰਾਂ ਅਤੇ ਇਸ ਧੰਦੇ ਨਾਲ ਜੁੜੇ ਸਭ ਲੋਕਾਂ ਵਿੱਚ ਖ਼ੁਸ਼ੀ ਦੇਖਣ ਨੂੰ ਮਿਲ ਰਹੀ ਹੈ | ਇਸ ਮੌਕੇ ਤੇ ਲਖਵਿੰਦਰ ਸਿੰਘ, ਮੁਨੀਸ਼ ਕੁਮਾਰ ਕੁਮਾਰ ਸਾਬਕਾ ਪ੍ਰਧਾਨ, ਨਿਰਮਲ ਸਿੰਘ, ਲਾਡੀ ਅਰਨੋਂ, ਸੱਤੀ ਅਰਨੋਂ, ਬਿੱਲੂ ਅਰਨੋਂ, ਬਲਵੀਰ ਸਿੰਘ, ਕਾਲਾ ਬੇਦੀ, ਸੁਖਵਿੰਦਰ ਸਿੰਘ ਕਾਕਾ, ਇਸਮਾ ਰਾਮ ਆਦਿ ਮੌਜੂਦ ਸਨ |