ਸੰਗਰੂਰ, 28 ਅਪ੍ਰੈਲ (ਧੀਰਜ ਪਸੌਰੀਆ)-ਸਵਤੰਤਰਤਾ ਸੰਗਰਾਮੀ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸਕੂਲ ਆਫ਼ ਐਮੀਨੈਂਸ (ਰਾਜ ਹਾਈ) ਸੰਗਰੂਰ ਵਿਖੇ ਪਿ੍ੰਸੀਪਲ ਬਿਪਨ ਚਾਵਲਾ ਦੀ ਅਗਵਾਈ ਹੇਠ ਗਿਆਰ੍ਹਵੀਂ ਜਮਾਤ ਵਿਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਇਹ ਉਪਰਾਲਾ ਸਰਕਾਰੀ ਸਕੂਲ ਵਿਚ ਪਹਿਲੀ ਵਾਰ ਇਸ ਤਰ੍ਹਾਂ ਦੇ ਵਿਵਸਥਿਤ ਅਤੇ ਵਿਦਿਆਰਥੀ-ਕੇਂਦਰਤ ਪ੍ਰੋਗਰਾਮ ਦੇ ਰੂਪ ਵਿਚ ਕੀਤਾ ਗਿਆ, ਜਿਸ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਵਲੋਂ ਭਰਪੂਰ ਸਰਾਹਨਾ ਮਿਲੀ | ਮੈਡਮ ਨਮਰਤਾ ਵਲੋਂ ਮੰਚ ਸੰਚਾਲਨ ਨਾਲ ਕੀਤੇ ਲੈਕਚਰਾਰ ਭੁਪਿੰਦਰ ਸਿੰਘ ਨੇ ਸਕੂਲ ਦੀ ਲਗਭਗ 100 ਸਾਲ ਪੁਰਾਣੀ ਵਿਰਾਸਤੀ ਅਤੇ ਇਤਿਹਾਸਕ ਇਮਾਰਤ ਅਤੇ ਇਸ ਦੇ ਗੌਰਵਮਈ ਇਤਿਹਾਸ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਲੈਕਚਰਾਰ ਰਿਤੂ ਮਹਿਤਾ, ਰਾਣੀ ਮੈਡਮ, ਅਨੂੰ ਵਰਮਾ, ਵਰਿੰਦਰ ਸਿੰਘ, ਗਗਨਦੀਪ ਗ਼ਰਗ ਅਤੇ ਰੱਜਿਤ ਆਦਿ ਵੱਲੋਂ ਵੀ ਵਿਦਿਆਰਥੀਆਂ ਨੂੰ ਪ੍ਰੇਰਣਾਦਾਇਕ ਸੰਦੇਸ਼ ਦਿੱਤੇ ਗਏ ਅਤੇ ਉਨ੍ਹਾਂ ਨੂੰ ਨਵੀਂ ਸ਼ੁਰੂਆਤ ਲਈ ਉਤਸ਼ਾਹਿਤ ਕੀਤਾ ਗਿਆ | ਇਸ ਤੋਂ ਇਲਾਵਾ ਲੈਕਚਰਾਰ ਚਰਨ ਸਿੰਘ ਨੇ ਸਕੂਲ ਵਿਚ ਉਪਲਬਧ ਵੱਖ-ਵੱਖ ਸਟਰੀਮਾਂ ਅਤੇ ਵਿਸ਼ਿਆਂ ਦੀ ਚੋਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਚੁਣਨ ਲਈ ਮਾਰਗਦਰਸ਼ਨ ਪ੍ਰਦਾਨ ਕੀਤਾ | ਪਿ੍ੰਸੀਪਲ ਸ੍ਰੀ ਬਿਪਨ ਚਾਵਲਾ ਵਲੋਂ ਸਕੂਲ ਦੀਆਂ ਪ੍ਰਾਪਤੀਆਂ, ਚੱਲ ਰਹੀਆਂ ਨਵੀਨਤਮ ਪਹਿਲਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ |