ਸੰਗਰੂਰ, 28 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਸ਼ੋ੍ਰਮਣੀ ਅਕਾਲੀ ਦਲ (ਬਾਦਲ) ਨੂੰ ਹਲਕਾ ਸੰਗਰੂਰ ਵਿੱਚ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸੀਨੀਅਰ ਅਕਾਲੀ ਆਗੂ ਚਮਨਦੀਪ ਸਿੰਘ ਮਿਲਖੀ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ | ਮਿਲਖੀ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਕਰਵਾਉਣ ਦੇ ਲਈ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਤੇ ਦਲ ਦੇ ਸਰਪ੍ਰਸਤ ਭਾਈ ਤਰਸੇਮ ਸਿੰਘ ਵਿਸ਼ੇਸ਼ ਤੌਰ 'ਤੇ ਮਿਲਖੀ ਹੋਰ ਦੇ ਗ੍ਰਹਿ ਵਿਖੇ ਪਹੁੰਚੇ | ਚਮਨਦੀਪ ਸਿੰਘ ਮਿਲਖੀ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਜੀ ਆਇਆ ਨੂੰ ਆਖਦੇ ਹੋਏ ਤਰਸੇਮ ਸਿੰਘ ਨੇ ਕਿਹਾ ਕਿ ਚਮਨਦੀਪ ਸਿੰਘ ਮਿਲਖੀ ਬਿਨ੍ਹਾਂ ਕਿਸੇ ਸ਼ਰਤ ਅਕਾਲੀ ਦਲ ਵਾਰਸ ਪੰਜਾਬ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਹਨ ਅਤੇ ਇਹ ਮਿਹਨਤੀ ਸਿਆਸਤਦਾਨ ਹਨ, ਇਨ੍ਹਾਂ ਦੀ ਯੋਗਤਾ ਤੇ ਮਿਹਨਤ ਦੇ ਅਨੁਸਾਰ ਬਣਦਾ ਮਾਣ ਸਨਮਾਨ ਪਾਰਟੀ ਦੇ ਵਿੱਚ ਦਿੱਤਾ ਜਾਵੇਗਾ | ਇਸ ਮੌਕੇ ਵੱਡੀ ਗਿਣਤੀ ਵਿੱਚ ਬਾਦਲ ਧੜੇ ਦੇ ਵਰਕਰਾਂ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਮਿਲਖੀ ਦੇ ਨਾਲ ਸ਼ਮੂਲੀਅਤ ਅਖ਼ਤਿਆਰ ਕੀਤੀ | ਭਾਈ ਤਰਸੇਮ ਸਿੰਘ ਨੇ ਪੈੱ੍ਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ 2027 ਦੇ ਚੋਣ ਪਿੜ ਵਿੱਚ ਉੱਤਰਨਗੇ | ਪੰਥਕ ਧਿਰ ਦੇ ਨਾਲ ਗੱਠਜੋੜ ਦੇ ਸਬੰਧ ਵਿੱਚ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਭਾਈ ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਲਗਾਤਾਰ ਅਕਾਲੀ ਦਲ ਪੁਨਰ ਸੁਰਜੀਤ ਤੇ ਬਾਕੀ ਪੰਥਕ ਧਿਰ ਨਾਲ ਬੈਠਕਾਂ ਦਾ ਦੌਰ ਜਾਰੀ ਹੈ ਅਤੇ ਜਲਦ ਹੀ ਗੱਠਜੋੜ ਦੀ ਪੂਰੀ ਰੂਪਰੇਖਾ ਉਲੀਕ ਲਈ ਜਾਵੇਗੀ | ਬਾਦਲ ਧੜੇ ਨਾਲ ਕਿਸੇ ਪ੍ਰਕਾਰ ਦੇ ਗੱਠਜੋੜ ਨੂੰ ਭਾਈ ਤਰਸੇਮ ਸਿੰਘ ਨੇ ਸਿਰੇ ਤੋਂ ਖਰਾਜ ਕਰਦਿਆਂ ਕਿਹਾ ਕਿ ਬਾਦਲ ਧੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਗ਼ੀ ਹੋ ਚੁੱਕਾ ਹੈ ਤੇ ਪੰਥਕ ਸਿਧਾਂਤ ਤੋਂ ਪਰ੍ਹਾ ਹਟ ਚੁੱਕਾ ਹੈ | ਤਰਸੇਮ ਸਿੰਘ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨ ਸਾਦਦੇ ਹੋਏ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਨੂੰ ਐਨ.ਐੱਸ.ਏ. ਖ਼ਤਮ ਹੋਣ ਤੋਂ ਬਾਅਦ ਵੀ ਦਿਬੜੂਗੜ੍ਹ ਦੀ ਜੇਲ੍ਹ ਵਿੱਚ ਰੱਖਣ ਗੈਰ ਜਮਹੂਰੀ ਹੈ | ਇਸ ਮੌਕੇ ਚਮਨਦੀਪ ਸਿੰਘ ਮਿਲ਼ਖੀ ਨੇ ਤਰਸੇਮ ਸਿੰਘ ਦਾ ਆਪਣੀ ਗ੍ਰਹਿ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ | ਉਨ੍ਹਾਂ ਨੇ ਪਾਰਟੀ ਲਈ ਦਿਨ-ਰਾਤ ਇੱਕ ਕਰ ਕੇ ਮਿਹਨਤ ਕਰਨ ਦਾ ਪਾਰਟੀ ਲੀਡਰਸ਼ਿਪ ਨੂੰ ਦਿੱਤਾ | ਇਸ ਮੌਕੇ ਅਕਾਲੀ ਦਲ ਵਾਰਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਕਾਹਨਗੜ੍ਹ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪਰਮਜੀਤ ਸਿੰਘ, ਬਲਜੀਤ ਸਿੰਘ ਢੀਂਡਸਾ ਹਲਕਾ ਇੰਚਾਰਜ ਲਹਿਰਾਗਾਗਾ, ਅਵਤਾਰ ਸਿੰਘ ਸ਼ੇਰੋਂ, ਬਰਮਾ ਸਿੰਘ ਜਨਾਲ, ਹਲਕਾ ਸੰਗਰੂਰ ਦੇ ਇੰਚਾਰਜ ਸੁਖਵਿੰਦਰ ਸਿੰਘ ਝਨੇੜੀ, ਰਘਬੀਰ ਸਿੰਘ, ਮੁਖ਼ਤਿਆਰ ਸਿੰਘ, ਦੀਵਾਨ ਸਿੰਘ, ਤਰਲੋਚਨ ਸਿੰਘ ਬਾਲੀਆ ਆਦਿ ਮੌਜੂਦ ਸਨ |