ਸੰਗਰੂਰ, 4 ਮਈ (ਪਸ਼ੌਰੀਆ, ਬਿੱਟਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ | ਵਫ਼ਦ ਨੇ ਮੰਗ ਕੀਤੀ ਕਿ ਸ਼ੰਭੂ ਬਾਰਡਰ ਤੋਂ 19 ਮਾਰਚ 2024 ਨੂੰ ਕਿਸਾਨਾਂ ਦਾ ਧਰਨਾ ਜਬਰੀ ਚੁਕਵਾਉਣ ਮੌਕੇ ਜੋ ਸਮਾਨ ਚੋਰੀ ਹੋਇਆ ਸੀ ਉਸ ਦੀ ਭਰਪਾਈ ਕੀਤੀ ਜਾਵੇ | ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਮੌਕੇ ਕਿਸਾਨਾਂ ਤੇ ਦਰਜ ਕੀਤੇ ਪਰਚਿਆਂ ਨੂੰ ਰੱਦ ਕੀਤਾ ਜਾਵੇ, ਸਹਿਕਾਰੀ ਸੁਸਾਇਟੀਆਂ ਵਿੱਚ ਕਿਸਾਨਾਂ ਵੱਲੋਂ ਖੇਤੀ ਕਰਜ਼ੇ ਜਮਾਂ ਕਰਵਾਉਣ ਦੇ ਬਾਵਜੂਦ ਨਵਾਂ ਕਰਜ਼ਾ ਨਹੀਂ ਦਿੱਤਾ ਜਾ ਰਿਹਾ ਅਤੇ ਹੱਦ ਕਰਜ਼ੇ ਦੀ ਸੀਮਾ ਵਧਾਏ ਜਾਣ ਦੇ ਬਾਵਜੂਦ ਵੀ ਉਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਇਸ ਦਾ ਫ਼ੌਰੀ ਹੱਲ ਕੀਤਾ ਜਾਵੇ | ਬੈਂਕਾਂ ਵਿੱਚ ਪੈਦਾ ਹੋ ਰਹੀ ਨਗਦੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ | ਘੱਗਰ ਵਿੱਚ ਜੰਗਲਾਤ ਮਹਿਕਮੇ ਵੱਲੋਂ ਲਗਾਏ ਜਾ ਰਹੇ ਬੂਟਿਆਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਦਰਜ ਕੀਤੇ ਮੁਕੱਦਮੇ ਰੱਦ ਕੀਤੇ ਜਾਣ | ਵਫ਼ਦ ਵਿੱਚ ਰਾਜ ਸਿੰਘ ਖੇੜੀ ਜ਼ਿਲ੍ਹਾ ਆਗੂ, ਰਾਜਪਾਲ ਸਿੰਘ ਮੰਗਵਾਲ ਜ਼ਿਲ੍ਹਾ ਆਗੂ, ਜਸਵੀਰ ਸਿੰਘ ਮੈਦੇਵਾਸ ਜ਼ਿਲ੍ਹਾ ਆਗੂ, ਸੰਤ ਰਾਮ ਛਾਂਜਲੀ ਜ਼ਿਲ੍ਹਾ ਆਗੂ, ਨਾਇਬ ਸਿੰਘ ਗੁਜਰਾਂ, ਅਮਨਦੀਪ ਸਿੰਘ ਮੰਡਵੀ, ਲੀਲਾ ਸਿੰਘ ਚੋਟੀਆਂ ਮੁਖ਼ਤਿਆਰ ਸਿੰਘ ਮੰਡਵੀ, ਸਤਨਾਮ ਸਿੰਘ ਗੁਜਰਾਂ, ਮੱਖਣ ਸਿੰਘ ਪਾਪੜਾ ਅਤੇ ਹੋਰ ਮੌਜੂਦ ਸਨ |