ਮਾਨਸਾ, 9 ਮਈ (ਬਲਵਿੰਦਰ ਸਿੰਘ ਧਾਲੀਵਾਲ)- ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਲੋਂ ਵਿੱਦਿਅਕ ਤੇ ਸਮਾਜਿਕ ਖੇਤਰ 'ਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਗੁਰਜੀਤ ਸਿੰਘ ਚਹਿਲ ਨੂੰ 'ਅਕਾਲ ਐਜੂਕੇਸ਼ਨ ਐਵਾਰਡ 2026' ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਗੁਰਮੇਲ ਸਿੰਘ ਅਤੇ ਜ਼ਿਲਾ ਸਿੱਖਿਆ ਅਫ਼ਸਰ ਬਠਿੰਡਾ ਮਮਤਾ ਖੁਰਾਣਾ ਵਲੋਂ ਭੇਟ ਕੀਤਾ ਗਿਆ | ਕਾਬਲੇ-ਗ਼ੌਰ ਰਹੇ ਚਹਿਲ ਚੀਮਾ ਮੰਡੀ ਤੋਂ 'ਅਜੀਤ' ਦੇ ਪ੍ਰਤੀਨਿਧ ਵਜੋਂ ਕੰਮ ਕਰ ਰਿਹਾ ਹੈ | ਉਪ ਕੁਲਪਤੀ ਪ੍ਰੋ. ਗੁਰਮੇਲ ਸਿੰਘ ਨੇ ਕਿਹਾ ਕਿ ਪੱਤਰਕਾਰਤਾ ਸਮਾਜ ਦਾ ਚੌਥਾ ਥੰਮ ਹੈ ਅਤੇ ਸੁਹਿਰਦਤਾ ਤੇ ਪ੍ਰਤੀਬੱਧਤਾ ਨਾਲ ਕੀਤੀ ਗਈ ਪੱਤਰਕਾਰਤਾ ਸਮਾਜ ਨੂੰ ਸਹੀ ਦਿਸ਼ਾ ਦੇਣ 'ਚ ਭੂਮਿਕਾ ਨਿਭਾਉਂਦੀ ਹੈ | ਉਨਾਂ ਚਹਿਲ ਵਲੋਂ ਸਮਾਜਿਕ ਅਤੇ ਵਿੱਦਿਅਕ ਖੇਤਰ 'ਚ ਪਾਏ ਜਾ ਰਹੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ |