16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਨਹੀਂ ਰੁਕ ਰਿਹਾ 'ਬੇਖ਼ੌਫ ਚੋਰਾਂ ਦਾ ਕਹਿਰ' <br/>

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਮਲੇਰਕੋਟਲਾ, 10 ਮਈ (ਮਨਜਿੰਦਰ ਸਿੰਘ ਸਰੌਦ) - ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਪਿਛਲੇ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਘਟਣ ਦੀ ਬਜਾਏ ਆਏ ਦਿਨ ਵਧ ਰਹੀਆਂ ਹਨ | ਚੋਰਾਂ ਵੱਲੋਂ ਖ਼ਾਸ ਕਰ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾ ਕੇ ਆਪਣੇ ਮਕਸਦ ਦੀ ਪੂਰਤੀ ਕੀਤੀ ਜਾਂਦੀ ਹੈ | ਕਿਸਾਨ ਭਾਈਚਾਰਾ ਇਨ੍ਹਾਂ ਚੋਰੀ ਦੀਆਂ ਘਟਨਾਵਾਂ ਤੋਂ ਬੁਰੀ ਤਰ੍ਹਾਂ ਪੀੜਿਤ ਹੈ ਪਰ ਉਨ੍ਹਾਂ ਦੇ 'ਦਿਲ ਦੀ ਹੂਕ' ਨੂੰ ਕੋਈ ਸਮਝਣ ਦਾ ਯਤਨ ਨਹੀਂ ਕਰ ਰਿਹਾ | ਆਏ ਦਿਨ ਕਿਸੇ ਨਾ ਕਿਸੇ ਪਿੰਡ ਦੇ ਅੰਦਰ ਮੋਟਰਾਂ ਤੋਂ ਬਿਜਲੀ ਦੀਆਂ ਕੇਬਲਾਂ ਚੋਰੀ ਕਰਨ ਦੇ ਨਾਲ-ਨਾਲ ਟਰਾਂਸਫ਼ਾਰਮਰਾਂ ਦੇ ਨੁਕਸਾਨ ਦੀ ਖ਼ਬਰ ਵੀ ਸਾਨੂੰ ਪੜ੍ਹਨ ਸੁਣਨ ਨੂੰ ਮਿਲ ਜਾਂਦੀ ਹੈ | ਹੁਣ ਇੱਕ ਵਾਰ ਫਿਰ ਥਾਣਾ ਸਦਰ ਅਹਿਮਦਗੜ੍ਹ ਦੇ ਅਧੀਨ ਆਉਂਦੇ ਪਿੰਡ ਸਰੌਦ ਤੋਂ ਬਾਲੇਵਾਲ ਨੂੰ ਜਾਂਦੀ ਸੜਕ ਦੇ ਆਲੇ ਦੁਆਲੇ ਤੋਂ ਕਰੀਬ ਇੱਕ ਦਰਜਨ ਕਿਸਾਨਾਂ ਦੀ ਮੋਟਰਾਂ ਤੋਂ ਬਿਜਲੀ ਦੀਆਂ ਕੇਬਲਾਂ ਨੂੰ ਚੋਰੀ ਕਰ ਕੇ ਕਿਸਾਨਾਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ | ਇਸ ਇਲਾਕੇ ਦੇ ਅੰਦਰ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਕੁੱਝ ਦਿਨ ਪਹਿਲਾਂ ਵੀ ਚੋਰਾਂ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੀਆਂ ਮੋਟਰਾਂ ਤੋਂ ਸਮਾਨ ਚੋਰੀ ਕੀਤਾ ਸੀ | ਉਸ ਤੋਂ ਕੁੱਝ ਸਮਾਂ ਪਹਿਲਾਂ ਵੀ ਇਸੇ ਸੜਕ ਤੋਂ ਬੇਖ਼ੌਫ ਚੋਰਾਂ ਨੇ ਕਿਸਾਨਾਂ ਦੇ ਖੇਤਾਂ ਅੰਦਰੋਂ ਬਿਜਲੀ ਦੇ ਵੱਡੀ ਗਿਣਤੀ ਵਿੱਚ ਟਰਾਂਸਫ਼ਾਰਮਰ ਤੇ ਕੇਬਲਾਂ ਚੋਰੀ ਕਰ ਕੇ ਦਹਿਸ਼ਤ ਭਰਿਆ ਮਾਹੌਲ ਪੈਦਾ ਕਰ ਦਿੱਤਾ ਸੀ | ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਕਿਸਾਨਾਂ ਨੇ ਦੱਸਿਆ ਕਿ ਚੋਰਾਂ ਵੱਲੋਂ ਲਵਪ੍ਰੀਤ ਸਿੰਘ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ, ਜਸਪਾਲ ਸਿੰਘ, ਮਨਦੀਪ ਸਿੰਘ, ਜਗਤਾਰ ਸਿੰਘ, ਬਿੱਕਰ ਸਿੰਘ, ਭੁਪਿੰਦਰ ਸਿੰਘ, ਨੇਕ ਰਾਮ ਆਦਿ ਕਿਸਾਨਾਂ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਕੇਬਲਾਂ ਨੂੰ ਵੱਢ ਲਿਆ | ਉਨ੍ਹਾਂ ਆਖਿਆ ਕਿ ਇਸ ਦੇ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਹੋ ਚੁੱਕੇ ਕਿਸਾਨ ਵਰਗ ਨੂੰ ਦੂਹਰੀ ਮਾਰ ਪੈ ਰਹੀ ਹੈ ਇੱਕ ਤਾਂ ਉਨ੍ਹਾਂ ਦਾ ਪਹਿਲਾਂ ਨੁਕਸਾਨ ਹੋ ਗਿਆ, ਉਲਟਾ ਉਨ੍ਹਾਂ ਨੂੰ ਨਵੀਆਂ ਕੇਬਲਾਂ ਲਿਆ ਕੇ ਪਾਉਣੀਆਂ ਪੈਣਗੀਆਂ | ਕਿਸਾਨਾਂ ਨੇ ਆਖਿਆ ਕਿ ਆਖ਼ਰ ਇਹ ਸਿਲਸਿਲਾ ਰੁਕੇਗਾ ਕਦੋਂ, ਕਿਸੇ ਦੇ ਕੁੱਝ ਵੀ ਸਮਝ ਵਿੱਚ ਨਹੀਂ ਆ ਰਿਹਾ | ਪੁਲਿਸ ਦੀ ਕਾਰਵਾਈ ਇਨ੍ਹਾਂ ਚੋਰਾਂ ਪ੍ਰਤੀ ਕੀ ਹੈ, ਇਹ ਵੀ ਸਵਾਲ ਵੱਡੇ ਹਨ | ਹੁਣ ਤਾਂ ਆਮ ਲੋਕ ਚੋਰੀ ਦੀਆਂ ਘਟਨਾਵਾਂ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਵੀ ਕੰਨੀ ਕਤਰਾਉਣ ਲੱਗੇ ਹਨ | ਬੀਤੇ ਦਿਨੀਂ ਪਿੰਡ ਬੁਰਜ ਵਿਖੇ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਵੀ ਨਾ ਬਖ਼ਸ਼ਿਆ ਗਿਆ | ਸ਼ਹਿਰ ਅੰਦਰ ਵੀ ਚੋਰੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ | ਇਸ ਤੋਂ ਇਲਾਵਾ ਪਿੰਡਾਂ ਅੰਦਰ ਚੋਰਾਂ ਵੱਲੋਂ ਕਿਸਾਨਾਂ ਦੇ ਕੀਤੇ ਜਾ ਰਹੇ ਨੁਕਸਾਨ ਦੀ ਦਰਦ ਕਹਾਣੀ ਮੁੱਕਣ ਦਾ ਨਾਮ ਨਹੀਂ ਲੈ ਰਹੀ | ਚੰਗਾ ਹੋਵੇ ਜੇਕਰ ਪੁਲਿਸ ਪ੍ਰਸ਼ਾਸਨ ਇਨ੍ਹਾਂ ਚੋਰਾਂ ਨੂੰ ਸਖ਼ਤੀ ਨਾਲ ਨੱਥ ਪਾਵੇ ਤਾਂ ਕਿ ਕਿਸਾਨਾਂ ਦਾ ਨੁਕਸਾਨ ਰੁਕ ਸਕੇ | ਜਦ ਇਸ ਸਬੰਧੀ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਉਹ ਇਸ ਬੇਹੱਦ ਗੰਭੀਰ ਮਸਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨਗੇ | ਵੇਖਣਾ ਹੋਵੇਗਾ ਕਿ ਹੁਣ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਚੋਰੀ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਟਰੇਡ ਕਮਿਸ਼ਨ ਵਲੋਂ ਵਪਾਰੀਆਂ ਦੀਆਂ ਸੁਣੀਆਂ ਮੁਸ਼ਕਿਲਾਂ <br/> ਅਗਲੀ ਖ਼ਬਰ ਸ਼ਹੀਦ ਦੇਸ਼ ਤੇ ਕੌਮ ਲਈ ਸ਼ਹਾਦਤ ਦੇ ਕੇ ਸੁਨਹਿਰੀ ਇਤਿਹਾਸ ਸਿਰਜਦੇ ਹਨ-ਸ਼ੇਰਪੁਰ <br/>
Ad Position 24