ਸੰਗਰੂਰ, 12 ਮਈ (ਧੀਰਜ ਪਸੋਰੀਆ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2025-26 ਦੇ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਦੀ ਮੈਰਿਟ ਸੂਚੀ ਵਿਚ ਜ਼ਿਲ੍ਹਾ ਸੰਗਰੂਰ ਨੇ ਪੰਜਾਬ ਦੇ 19 ਜ਼ਿਲਿ੍ਹਆਂ ਨੂੰ ਪਛਾੜ ਕੇ ਸੂਬੇ ਭਰ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ | 272 ਵਿਦਿਆਰਥੀਆਂ ਦੀ ਐਲਾਨੀ ਗਈ ਮੈਰਿਟ ਸੂਚੀ ਵਿਚ ਜ਼ਿਲ੍ਹਾ ਸੰਗਰੂਰ ਨੇ ਕੁੱਲ 19 ਸਥਾਨ ਪ੍ਰਾਪਤ ਕੀਤੇ ਹਨ | ਮੈਰਿਟ ਸੂਚੀ ਵਿਚ ਜ਼ਿਲ੍ਹਾ ਲੁਧਿਆਣਾ ਨੇ ਸਭ ਤੋਂ ਵੱਧ 38 ਸਥਾਨ ਪ੍ਰਾਪਤ ਕੀਤੇ ਹਨ, ਜਦ ਕਿ ਅੰਮਿ੍ਤਸਰ ਨੇ 31 ਅਤੇ ਹੁਸ਼ਿਆਰਪੁਰ ਨੇ 27 ਸਥਾਨ ਪ੍ਰਾਪਤ ਕੀਤੇ ਹਨ | ਬਰਨਾਲਾ, ਕਪੂਰਥਲਾ ਅਤੇ ਐਸ.ਬੀ.ਐਸ. ਨਗਰ ਜ਼ਿਲਿ੍ਹਆਂ ਨੂੰ ਮੈਰਿਟ ਸੂਚੀ ਵਿਚ ਸਿਰਫ਼ ਦੋ- ਦੋ ਸਥਾਨ ਹੀ ਮਿਲੇ ਹਨ | ਜ਼ਿਲ੍ਹਾ ਸੰਗਰੂਰ ਦੇ 19 ਵਿਦਿਆਰਥੀਆਂ (16 ਲੜਕੀਆਂ ਅਤੇ ਤਿੰਨ ਲੜਕੇ) ਵਲੋਂ ਸ਼ਾਨਦਾਰ ਅੰਕ ਪ੍ਰਾਪਤ ਕਰ ਕੇ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕਰਨ 'ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕਾ ਨਰਿੰਦਰ ਕੌਰ ਭਰਾਜ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੌਬੀ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਆਪ ਦੇ ਜੋਨਲ ਮੀਡੀਆ ਇੰਚਾਰਜ ਅਤੇ ਬੁਲਾਰੇ ਅਬਜਿੰਦਰ ਸਿੰਘ ਸੰਘਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਭਾਜਪਾ ਦੇ ਸੀਨੀਅਰ ਆਗੂ ਰਣਦੀਪ ਸਿੰਘ ਦਿਓਲ, ਆੜਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੀਸ਼ਨ ਕੁਮਾਰ ਤੁੰਗਾਂ, ਜ਼ਿਲ੍ਹਾ ਪਰੀਸ਼ਦ ਮੈਂਬਰ ਰਣਬੀਰ ਸਿੰਘ ਢੀਂਡਸਾ, ਆਪ ਆਗੂ ਸੁਖਦੇਵ ਕੋਹਰੀਆਂ ਨੇ ਵਿਦਿਆਰਥੀਆਂ ਦੇ ਨਾਲ ਨਾਲ ਜ਼ਿਲੇ੍ਹ ਦੇ ਮਿਹਨਤੀ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ਹੈ |