ਛਾਜਲੀ, 12 ਮਈ (ਅਜਾਇਬ ਸਿੰਘ ਨੀਲੋਵਾਲ) ਛਾਜਲੀ ਥਾਣੇ ਦੇ ਬਾਹਰ ਉਸ ਵੇਲੇ ਹੰਗਾਮੇ ਵਾਲਾ ਮਾਹੌਲ ਬਣ ਗਿਆ, ਜਦੋਂ ਇਕ ਵਿਅਕਤੀ ਸ਼ਰਾਬੀ ਹਾਲਤ ਵਿੱਚ ਥਾਣਾ ਛਾਜਲੀ ਦੇ ਬਾਹਰ ਲੱਗੇ ਬੋਹੜ ਦੇ ਰੁੱਖ 'ਤੇ ਚੜ੍ਹ ਗਿਆ | ਮੌਕੇ 'ਤੇ ਲੋਕਾਂ ਦੀ ਭੀੜ ਜਮ੍ਹਾ ਹੋ ਗਈ, ਜਦਕਿ ਪੁਲਿਸ ਮੁਲਾਜ਼ਮਾਂ ਨੇ ਕਾਫੀ ਸਮੇਂ ਤੱਕ ਤਰਲੇ-ਮਿੰਨਤਾਂ ਕਰ ਕੇ ਉਸ ਨੂੰ ਹੇਠਾਂ ਉਤਾਰਿਆ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਉਰਫ਼ ਕਾਲਾ ਪੁੱਤਰ ਦਰਸ਼ਨ ਸਿੰਘ ਵਾਸੀ ਛਾਜਲਾ ਦਾ ਆਪਣੇ ਚਾਚੇ ਅਤੇ ਪਰਿਵਾਰਕ ਮੈਂਬਰਾਂ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪਹਿਲਾਂ ਵੀ ਕਈ ਦਰਖਾਸਤਾਂ ਪੁਲਿਸ ਕੋਲ ਆ ਚੁੱਕੀਆਂ ਹਨ | ਪੁਲਿਸ ਅਧਿਕਾਰੀ ਮੁਤਾਬਕ ਕੁੱਝ ਸਮਾਂ ਪਹਿਲਾਂ ਗੁਆਂਢ ਵਿੱਚ ਰਹਿੰਦੀ ਇੱਕ ਲੜਕੀ ਵੱਲੋਂ ਵੀ ਉਸ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਹ ਸ਼ਰਾਬ ਪੀ ਕੇ ਘਰ ਅੱਗੇ ਹੰਗਾਮਾ ਕਰਦਾ ਸੀ | ਉਸ ਸਮੇਂ ਵੀ ਪੁਲਿਸ ਵਲੋਂ ਬਣਦੀ ਕਾਰਵਾਈ ਕੀਤੀ ਗਈ ਸੀ | ਅੱਜ ਮੁੜ ਗੁਰਦੀਪ ਸਿੰਘ ਨਸ਼ੇ ਦੀ ਹਾਲਤ ਵਿੱਚ ਥਾਣੇ ਪਹੁੰਚਿਆ ਅਤੇ ਹੰਗਾਮਾ ਕਰਨ ਲੱਗ ਪਿਆ | ਇਸ ਦੌਰਾਨ ਉਹ ਥਾਣੇ ਦੇ ਬਾਹਰ ਖੜ੍ਹੇ ਬੋਹੜ ਦੇ ਰੁੱਖ 'ਤੇ ਚੜ੍ਹ ਗਿਆ | ਪੁਲਿਸ ਮੁਲਾਜ਼ਮਾਂ ਨੇ ਧੀਰਜ ਨਾਲ ਉਸ ਨੂੰ ਸਮਝਾਇਆ ਅਤੇ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਾਰ ਕੇ ਥਾਣੇ ਲੈ ਗਏ | ਸਹਾਇਕ ਥਾਣੇਦਾਰ ਨੇ ਕਿਹਾ ਕਿ ਮਾਮਲੇ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਅਮਲ ਵਿੱਚ ਲਿਆਂਦੀ ਜਾਵੇਗੀ |