ਸੰਗਰੂਰ, 13 ਮਈ (ਸੁਖਵਿੰਦਰ ਸਿੰਘ ਫੁੱਲ)- ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲਿਸ ਸਪੋਰਟਸ ਕਲੱਬ ਸੰਗਰੂਰ ਦੇ ਖਿਡਾਰੀਆਂ ਨੇ ਕੌਮੀ ਪੱਧਰ ਦੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ 'ਚ ਜੋ ਖ਼ੂਬਸੂਰਤ ਕਾਰਗੁਜ਼ਾਰੀ ਵਿਖਾਈ ਹੈ, ਉਸ ਨਾਲ ਜ਼ਿਲ੍ਹਾ ਸੰਗਰੂਰ ਦਾ ਮਾਣ ਵਧਿਆ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੇ 4 ਸੋਨੇ, 5 ਚਾਂਦੀ ਅਤੇ 9 ਕਾਂਸੀ ਦੇ ਤਗਮੇ ਜਿੱਤੇ ਹਨ | ਇਸੇ ਤਰ੍ਹਾਂ ਆਲ ਇੰਡੀਆ ਸਕੇਟ ਗੇਮਜ਼ (ਇਨਲਾਇਨ ਹਾਕੀ) 'ਚ ਵੀ ਕਲੱਬ ਦੀਆਂ 6 ਟੀਮਾਂ ਨੇ ਭਾਗ ਲਿਆ, ਜਿਨ੍ਹਾਂ 'ਚੋਂ 4 ਸੋਨੇ ਦੇ ਅਤੇ ਇੱਕ ਟੀਮ ਨੂੰ ਚਾਂਦੀ ਦਾ ਤਗ਼ਮਾ ਹਾਸਿਲ ਹੋਇਆ ਹੈ | ਡਾ. ਗਰੇਵਾਲ ਨੇ ਕਿਹਾ ਕਿ ਪੁਲਿਸ ਸਪੋਰਟਸ ਕਲੱਬ ਸੰਗਰੂਰ ਦੀ ਮਾਣਮੱਤੀ ਕਾਰਗੁਜ਼ਾਰੀ ਨੂੰ ਹੋਰ ਖ਼ੂਬਸੂਰਤ ਬਣਾਇਆ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ |