ਮਲੇਰਕੋਟਲਾ, 20 ਮਈ (ਮਨਜਿੰਦਰ ਸਿੰਘ ਸਰੌਦ) - ਪਿਛਲੇ ਦਿਨਾਂ ਤੋਂ ਥਾਣਾ ਸਦਰ ਅਹਿਮਦਗੜ੍ਹ ਦੇ ਪਿੰਡਾਂ ਅੰਦਰ ਚੋਰਾਂ ਦਾ ਕਹਿਰ ਬਦਸਤੂਰ ਜਾਰੀ ਹੈ | ਕੁੱਝ ਦਿਨ ਪਹਿਲਾਂ ਰਾਤ ਨੂੰ ਚੋਰਾਂ ਨੇ ਪਿੰਡ ਸਰੌਦ ਵਿਖੇ ਦੁੱਲਵਾਂ ਵਾਲੀ ਸੜਕ 'ਤੇ ਸਥਿਤ ਕਿਸਾਨਾਂ ਦੀਆਂ ਤਕਰੀਬਨ ਅੱਧੀ ਦਰਜਨ ਮੋਟਰਾਂ ਤੋਂ ਬਿਜਲੀ ਦੇ ਟਰਾਂਸਫਾਰਮਾਂ ਦਾ ਸੈਂਕੜੇ ਲੀਟਰ ਤੇਲ ਚੋਰੀ ਕਰ ਲਿਆ | ਇਲਾਕੇ ਅੰਦਰ ਇਹ ਕੋਈ ਪਹਿਲੀ ਘਟਨਾ ਨਹੀਂ ਹੈ | ਇਸ ਤੋਂ ਪਹਿਲਾਂ ਵੀ ਚੋਰਾਂ ਵਲੋਂ ਬੀਤੇ ਦਿਨੀਂ ਦਰਜਨ ਤੋਂ ਜ਼ਿਆਦਾ ਮੋਟਰਾਂ ਤੋਂ ਕੇਬਲਾਂ ਤੇ ਹੋਰ ਸਾਮਾਨ ਚੋਰੀ ਕਰ ਲਿਆ ਸੀ | ਇਸ ਸਬੰਧੀ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਰਾਤ ਨੂੰ ਚੋਰਾਂ ਵਲੋਂ ਗੁਰਦੀਪ ਸਿੰਘ, ਗੁਰਜੀਤ ਸਿੰਘ, ਮਹਿੰਦਰ ਸਿੰਘ, ਰਣਜੀਤ ਸਿੰਘ, ਬਿੱਕਰ ਸਿੰਘ, ਗੀਤਾ ਸਿੰਘ, ਗੁਰਜੰਟ ਸਿੰਘ ਆਦਿ ਕਿਸਾਨਾਂ ਦੇ ਖੇਤਾਂ ਵਿਚਲੇ ਟਰਾਂਸਫਾਰਮਾਂ ਨੂੰ ਨਿਸ਼ਾਨਾ ਬਣਾ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ | ਚੋਰਾਂ ਵੱਲੋਂ ਕਈ ਟਰਾਂਸਫਾਰਮਰ ਖੋਲ੍ਹ ਕੇ ਕਈਆਂ ਦੇ ਇਨਸੂਲੇਟਰ ਤੋੜ ਕੇ ਉਨ੍ਹਾਂ ਨੂੰ ਨਕਾਰਾ ਕਰ ਦਿੱਤਾ | ਕਿਸਾਨਾਂ ਨੇ ਆਖਿਆ ਕਿ ਪਨੀਰੀ ਤੇ ਹਰੇ-ਚਾਰੇ ਨੂੰ ਪਾਣੀ ਲਗਾਉਣ ਖਾਤਰ ਉਨ੍ਹਾਂ ਦੇ ਲਈ ਮੁਸ਼ਕਿਲ ਖੜੀ ਹੋ ਚੁੱਕੀ ਹੈ | ਹੁਣ ਉਨ੍ਹਾਂ ਨੂੰ ਬਿਜਲੀ ਵਿਭਾਗ ਤੋਂ ਤੇਲ ਲਿਆਉਣ ਦੇ ਲਈ ਜੱਦੋ ਜਹਿਦ ਕਰਨੀ ਪੈ ਰਹੀ ਹੈ | ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ | ਤੇਲ ਕੱਢਣ ਕਾਰਨ ਕਈ ਟਰਾਂਸਫ਼ਾਰਮਰਾਂ ਦੇ ਨੁਕਸਾਨੇ ਜਾਣ ਦਾ ਵੀ ਖ਼ਦਸ਼ਾ ਹੈ | ਇਸ ਵਰਤਾਰੇ ਦਾ ਹੈਰਾਨੀਜਨਕ ਤੱਥ ਇਹ ਹੈ ਕਿ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਦੀ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਤੋਂ ਵੀ ਲੋਕ ਕੰਨੀ ਕਤਰਾਉਂਦੇ ਹਨ | ਬੀਤੇ ਦਿਨੀਂ ਇੱਕ ਦਾਣਾ ਮੰਡੀ ਵਿੱਚੋਂ ਕਣਕ ਦੀਆਂ ਬੋਰੀਆਂ ਚੋਰੀ ਕੀਤੇ ਜਾਣ ਦਾ ਮਾਮਲਾ ਵੀ ਚਰਚਾ ਵਿੱਚ ਆਇਆ ਸੀ | ਕਿਸਾਨ ਵਰਗ ਇਨ੍ਹਾਂ ਚੋਰਾਂ ਅੱਗੇ ਬੇਵੱਸ ਜਾਪ ਰਿਹਾ ਹੈ | ਪੀੜਤ ਕਿਸਾਨਾਂ ਨੇ ਆਖਿਆ ਕਿ ਚੰਗਾ ਹੋਵੇ ਜੇਕਰ ਪੁਲਿਸ ਇਨ੍ਹਾਂ ਚੋਰਾਂ ਨੂੰ ਨੱਥ ਪਾ ਕੇ ਸਲਾਖ਼ਾਂ ਪਿੱਛੇ ਕਰੇ, ਨਹੀਂ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |
ਕੀ ਕਹਿਣਾ ਹੈ ਹਲਕਾ ਵਿਧਾਇਕ ਤੇ ਕਿਸਾਨ ਆਗੂਆਂ ਦਾ -
ਜਦ ਇਸ ਸਬੰਧੀ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਰਾ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ | ਕਿਸਾਨ ਆਗੂ ਜਗਤਾਰ ਸਿੰਘ ਰਟੋਲ ਦਾ ਕਹਿਣਾ ਸੀ ਕਿ ਪਿੰਡਾਂ ਅੰਦਰ ਬੇਖ਼ੌਫ ਚੋਰਾਂ ਵੱਲੋਂ ਬਿਨਾਂ ਕਿਸੇ ਡਰ ਭੈਅ ਦੇ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਕਿਸਾਨ ਵਰਗ ਬੇਹੱਦ ਪ੍ਰੇਸ਼ਾਨ ਹੈ | ਕਿਸਾਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ | ਉਨ੍ਹਾਂ ਆਖਿਆ ਕਿ ਪੁਲਿਸ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ |
ਥਾਣਾ ਸਦਰ ਅਹਿਮਦਗੜ੍ਹ ਦੇ ਪਿੰਡਾਂ ਅੰਦਰ ਬੇਖ਼ੌਫ ਚੋਰਾਂ ਦਾ ਕਹਿਰ ਜਾਰੀ <br/>
ਅਜੀਤ ਡੈਸਕ
21-05-2026