ਲੌਂਗੋਵਾਲ, 20 ਮਈ (ਵਿਨੋਦ, ਸ. ਖੰਨਾ) - ਲੌਂਗੋਵਾਲ ਨਗਰ ਕੌਂਸਲ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਉਹ ਇਕਲੌਤੀ ਪਾਰਟੀ ਹੈ ਜਿਹੜੀ ਸਾਰੇ 15 ਵਾਰਡਾਂ ਵਿਚ ਆਪਣੇ ਚੋਣ ਨਿਸ਼ਾਨ ਝਾੜੂ 'ਤੇ ਚੋਣਾਂ ਲੜ ਰਹੀ ਹੈ | ਜਦਕਿ ਕਾਂਗਰਸ ਪਾਰਟੀ ਆਪਣੇ ਚੋਣ ਨਿਸ਼ਾਨ ਹੱਥ ਪੰਜਾ 'ਤੇ ਕੇਵਲ 6 ਵਾਰਡਾਂ ਵਿਚ, ਸ਼੍ਰੋਮਣੀ ਅਕਾਲੀ ਦਲ ਆਪਣੇ ਚੋਣ ਨਿਸ਼ਾਨ ਤੱਕੜੀ 'ਤੇ 3 ਵਾਰਡਾਂ 'ਚ ਅਤੇ ਭਾਜਪਾ ਕਮਲ ਦੇ ਫੁੱਲ ਦੇ ਨਿਸ਼ਾਨ 'ਤੇ ਕੇਵਲ ਇਕ ਵਾਰਡ ਵਿਚ ਚੋਣ ਮੈਦਾਨ ਵਿਚ ਹੈ | ਦਿਲਚਸਪ ਗੱਲ ਇਹ ਕਿ ਇਹਨਾਂ ਚੋਣਾਂ 'ਚ ਆਜ਼ਾਦ ਉਮੀਦਵਾਰਾਂ ਦੀ ਪਹਿਲੀ ਪਸੰਦ ਟਰੈਕਟਰ ਚੋਣ ਨਿਸ਼ਾਨ ਰਿਹਾ ਹੈ 11 ਉਮੀਦਵਾਰ ਵੱਖ ਵੱਖ ਵਾਰਡਾਂ ਵਿਚ ਟਰੈਕਟਰ ਦੇ ਨਿਸ਼ਾਨ 'ਤੇ ਚੋਣ ਮੈਦਾਨ ਵਿਚ ਹਨ | ਜਦਕਿ ਦੂਜੇ ਨੰਬਰ ਤੇ ਟਰੱਕ ਚੋਣ ਨਿਸ਼ਾਨ ਦੀ ਮੰਗ ਰਹੀ ਹੈ, 8 ਉਮੀਦਵਾਰ ਟਰੱਕ ਦੇ ਨਿਸ਼ਾਨ ਤੇ ਕਿਸਮਤ ਅਜ਼ਮਾ ਰਹੇ ਹਨ | ਇਸ ਤੋਂ ਇਲਾਵਾ 2 ਉਮੀਦਵਾਰਾਂ ਨੇ ਹਵਾਈ ਜਹਾਜ਼ ਅਤੇ ਇਕ ਉਮੀਦਵਾਰ ਨੇ ਮੰਜਾ ਚੋਣ ਨਿਸ਼ਾਨ ਲਿਆ ਹੈ | ਰਿਵਾਇਤੀ ਪਾਰਟੀਆਂ ਦੇ ਕੁੱਝ ਟਕਸਾਲੀ ਆਗੂ ਇਹਨਾਂ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ | ਭਾਵੇਂ ਕੁੱਝ ਆਗੂ ਪੱਕੇ ਅਕਾਲੀ ਜਾਂ ਪੱਕੇ ਕਾਂਗਰਸੀ ਹੋਣ ਦੇ ਬਾਵਜੂਦ ਆਪੋ ਆਪਣੇ ਵਾਰਡ ਦੀ ਬਣਤਰ ਦੇ ਹਿਸਾਬ ਨਾਲ ਆਜ਼ਾਦ ਉਮੀਦਵਾਰ ਵਜੋਂ ਕਿਸਮਤ ਅਜ਼ਮਾ ਰਹੇ ਹਨ | ਇਹਨਾਂ ਦਾ ਕਹਿਣਾ ਹੈ ਕਿ ਇਹ ਸਥਾਨਕ ਚੋਣਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਦੇ ਆਧਾਰ 'ਤੇ ਲੜੀਆਂ ਜਾ ਰਹੀਆਂ ਹਨ | ਇੱਥੇ ਗੁਰਮੇਲ ਸਿੰਘ ਚੋਟੀਆ, ਨਸੀਬ ਕੌਰ ਚੋਟੀਆ, ਬੁੱਧ ਰਾਮ ਗਰਗ ਅਤੇ ਸੁਸ਼ੀਲ ਰਾਣੀ ਪਤਨੀ ਸੰਜੇ ਸੈਨ ਪੱਕੇ ਕਾਂਗਰਸੀ ਹਨ ਪਰ ਚੋਣ ਆਜ਼ਾਦ ਉਮੀਦਵਾਰ ਵਜੋਂ ਲੜ ਰਹੇ ਹਨ | ਇਸੇ ਤਰ੍ਹਾਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਉਨ੍ਹਾਂ ਦੀ ਪਤਨੀ ਕਰਮਜੀਤ ਕੌਰ, ਅੰਮਿ੍ਤਪਾਲ ਕੌਰ, ਲਵਪ੍ਰੀਤ ਸਿੰਘ, ਗੁਰਪਾਲ ਸਿੰਘ, ਕੁਲਦੀਪ ਸਿੰਘ ਦੂਲੋ, ਸ਼ਿੰਦਰ ਕੌਰ ਅਤੇ ਵੀਰਪਾਲ ਕੌਰ ਦਾ ਸਬੰਧ ਵੀ ਕਿਤੇ ਨਾ ਕਿਤੇ ਅਕਾਲੀ ਦਲ ਨਾਲ ਹੈ ਪ੍ਰੰਤੂ ਇਹ ਸਾਰੇ ਉਮੀਦਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ | ਇਹਨਾਂ ਚੋਣਾਂ ਵਿਚ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਅਤੇ ਅਮਨਬੀਰ ਸਿੰਘ ਚੈਰੀ ਦੀ ਅਗਵਾਈ ਹੇਠ ਸਾਰੇ 15 ਵਾਰਡਾਂ ਦੀ ਚੋਣ ਵਿਚ ਆਜ਼ਾਦ ਉਮੀਦਵਾਰਾਂ ਵਜੋਂ ਹਿੱਸਾ ਲਿਆ ਜਾ ਰਿਹਾ ਹੈ | ਇਹਨਾਂ ਚੋਣਾਂ ਵਿਚ ਜੇਠ ਮਹੀਨੇ ਦੀ ਅੱਗ ਵਰਗੀ ਗਰਮੀ ਨੇ ਉਮੀਦਵਾਰਾਂ ਦਾ ਪ੍ਰਚਾਰ ਠੰਢਾ ਕਰ ਰੱਖਿਆ ਹੈ |