ਕੁੱਪ ਕਲਾਂ, 21 ਮਈ (ਸੁਖਜਿੰਦਰ ਸਿੰਘ ਝੱਲ) - ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਮਲੇਰਕੋਟਲਾ ਵੱਲੋਂ ਕੀਤੀ ਗਈ ਪੜਤਾਲ ਦੇ ਆਧਾਰ 'ਤੇ ਪਿੰਡ ਨੱਥੂਮਾਜਰਾ ਦੀ ਪੰਚਾਇਤ ਨਾਲ ਸੰਬੰਧਿਤ 5 ਪੰਚਾਇਤ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ, ਜਿਸ ਸਬੰਧੀ ਹਰਪਾਲ ਸਿੰਘ, ਮਨਜੀਤ ਸਿੰਘ ਆਦਿ ਵਾਸੀਆਨ ਪਿੰਡ ਨੱਥੂਮਾਜਰਾ ਬਲਾਕ ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਮਾਲ ਰਿਕਾਰਡ ਮੁਤਾਬਿਕ ਪਿੰਡ ਵਿਖੇ 32 ਕਨਾਲ ਦਾ ਟੋਭਾ ਹੈ, ਜਿਸ ਨੂੰ ਕੁੱਝ ਮਹੀਨੇ ਪਹਿਲਾਂ ਸਰਪੰਚ ਨੇ ਗਾਰ ਕਢਾ ਕੇ ਸਾਫ਼ ਕੀਤਾ ਸੀ ਪਰ ਹੁਣ ਪਿੰਡ ਦੇ ਕੁੱਝ ਵਿਅਕਤੀਆਂ ਵੱਲੋਂ ਪੰਚ ਪ੍ਰਭਜੋਤ ਸਿੰਘ, ਸੰਦੀਪ ਸਿੰਘ, ਅਮਰੀਕ ਸਿੰਘ, ਮਨਮੋਹਨ ਸਿੰਘ ਅਤੇ ਰਮਨਜੀਤ ਕੌਰ ਦੀ ਸ਼ਹਿ 'ਤੇ ਇਹ ਟੋਬਾ ਸੁਆਹ ਸੁੱਟ ਕੇ ਭਰਿਆ ਜਾ ਰਿਹਾ ਹੈ, ਜਿਸ ਕਾਰਨ ਫਿਰ ਤੋਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਆ ਸਕਦੀ ਹੈ | ਸ਼ਿਕਾਇਤ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਨ੍ਹਾਂ ਪੰਚਾਂ ਵੱਲੋਂ ਟੋਭੇ ਦੀ ਸਫ਼ਾਈ ਕਰਾਉਣ ਵੇਲੇ ਵੀ ਵਿਰੋਧ ਕੀਤਾ ਸੀ , ਜਿਸ ਕਾਰਨ ਪਿੰਡ ਵਿੱਚ ਪ੍ਰਬੰਧਕ ਨਿਯੁਕਤ ਕੀਤਾ ਗਿਆ | ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਹਿਮਦਗੜ੍ਹ ਵੱਲੋਂ ਗੁਰਪ੍ਰੀਤ ਸਿੰਘ ਐਸ.ਈ.ਪੀ.ਓ ਨੂੰ ਮੌਕਾ ਵੇਖ ਕੇ ਲਿਖਤੀ ਰਿਪੋਰਟ ਪੇਸ਼ ਕਰਨ ਲਈ ਲਿਖਿਆ ਗਿਆ ਅਤੇ ਉਨ੍ਹਾਂ ਪਾਇਆ ਕਿ ਜੋ ਸੁਆਹ ਸੁੱਟੀ ਗਈ ਹੈ , ਬਿਨਾਂ ਕਿਸੇ ਪ੍ਰਵਾਨਗੀ ਤੋਂ ਸੁੱਟੀ ਗਈ ਹੈ | ਇਸ ਤਰ੍ਹਾਂ ਗਰਾਮ ਪੰਚਾਇਤ ਦਾ ਵਿੱਤੀ ਨੁਕਸਾਨ ਕੀਤਾ ਗਿਆ ਹੈ | ਇਸ ਸਬੰਧੀ ਪੰਚਾਂ ਨੂੰ ਵੀ ਆਪਣੀ ਸਫ਼ਾਈ ਦੇਣ ਦਾ ਮੌਕਾ ਦਿੱਤਾ ਗਿਆ ਪਰ ਉਨ੍ਹਾਂ ਵੱਲੋਂ ਕੋਈ ਤਸੱਲੀ ਬਖ਼ਸ਼ ਜਵਾਬ ਨਾ ਦੇਣ 'ਤੇ ਪੰਜਾਬ ਪੰਚਾਇਤੀ ਰਾਜ ਐਕਟ 1994 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪ੍ਰਭਜੋਤ ਸਿੰਘ ਪੰਚ, ਸੰਦੀਪ ਸਿੰਘ ਪੰਚ, ਅਮਰੀਕ ਸਿੰਘ ਪੰਚ, ਮਨਮੋਹਨ ਸਿੰਘ ਪੰਚ ਅਤੇ ਰਮਨਜੀਤ ਕੌਰ ਪੰਚ ਗਰਾਮ ਪੰਚਾਇਤ ਨੱਥੂਮਾਜਰਾ ਨੂੰ ਅਹੁਦੇ ਤੋਂ ਤੁਰੰਤ ਮੁਅੱਤਲ ਕੀਤਾ ਗਿਆ ਹੈ |