ਸੰਗਰੂਰ, 21 ਮਈ (ਦਮਨਜੀਤ ਸਿੰਘ) - ਸ਼ਹਿਰ ਸੰਗਰੂਰ ਨਾਲ ਲੱਗਦੇ ਪਿੰਡ ਮੰਗਵਾਲ ਵਿਖੇ ਸਥਿਤ ਐਸ.ਬੀ.ਆਈ. ਬੈਂਕ ਵਿੱਚ ਬੈਂਕ ਦੇ ਹੀ ਮੈਨੇਜਰ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਦਰ ਸੰਗਰੂਰ ਵਿਖੇ ਚੱਲ ਰਹੀ ਇਸ ਮਾਮਲੇ ਦੀ ਜਾਂਚ ਸਬੰਧੀ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਐਸ.ਬੀ.ਆਈ. ਬੈਂਕ ਵੱਲੋਂ ਸੰਗਰੂਰ ਪੁਲਿਸ ਨੂੰ ਇੱਕ ਦਰਖਾਸਤ ਮਿਲੀ ਕਿ ਐਸ.ਬੀ.ਆਈ. ਬੈਂਕ ਦੀ ਮੰਗਵਾਲ ਸ਼ਾਖਾ ਦੇ ਮੈਨੇਜਰ ਵੱਲੋਂ ਆਪਣੇ ਹੀ ਬੈਂਕ ਨਾਲ ਕਰੀਬ ਢਾਈ ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ | ਉਨ੍ਹਾਂ ਦੱਸਿਆ ਕਿ ਸਦਰ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਅਰੰਭਦਿਆਂ ਬੈਂਕ ਤੋਂ ਰਿਕਾਰਡ ਮੰਗਣ ਦੇ ਨਾਲ-ਨਾਲ ਸਬੰਧਿਤ ਮੈਨੇਜਰ ਨੂੰ ਸੱਦਿਆ ਗਿਆ ਪਰ ਉਹ ਪੁਲਿਸ ਪਾਸ ਹਾਜ਼ਰ ਨਹੀਂ ਹੋਇਆ ਅਤੇ ਜਦ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਗੰੁਮਸ਼ੁਦਗੀ ਬਾਰੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਸਿਟੀ ਸੰਗਰੂਰ ਵਿਖੇ ਮੁਕੱਦਮਾ ਦਰਜ ਕਰਵਾ ਦਿੱਤਾ ਹੈ | ਉੱਧਰ ਦੂਸਰੇ ਪਾਸੇ ਥਾਣਾ ਸਿਟੀ ਮੁਖੀ ਸੰਗਰੂਰ ਇੰਸ. ਗੁਲਾਬ ਸਿੰਘ ਦਾ ਇਸ ਮਾਮਲੇ ਬਾਰੇ ਕਹਿਣਾ ਹੈ ਕਿ ਇਸ ਬੈਂਕ ਮੈਨੇਜਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਸਿਟੀ ਸੰਗਰੂਰ ਵਿਖੇ ਦਰਖਾਸਤ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਗੁੰਮ ਹੈ | ਦਰਖਾਸਤ ਉੱਤੇ ਕਾਰਵਾਈ ਕਰਦਿਆਂ ਸਿਟੀ ਪੁਲਿਸ ਵੱਲੋਂ ਬੈਂਕ ਮੈਨੇਜਰ ਦੀ ਭਾਲ ਸ਼ੁਰੂ ਕੀਤੀ ਅਤੇ ਜੱਦ ਉਸ ਦਾ ਕੋਈ ਪਤਾ ਟਿਕਾਣਾ ਨਾ ਮਿਲਿਆ ਤਾਂ ਸਿਟੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਦਿਆਂ ਕਾਰਵਾਈ ਅੱਗੇ ਵਧਾਈ | ਉਨ੍ਹਾਂ ਦੱਸਿਆ ਕਿ ਮੁਕੱਦਮਾ ਦਰਜ ਹੋਣ ਉਪਰੰਤ ਸਿਟੀ ਪੁਲਿਸ ਨੂੰ ਪਤਾ ਲੱਗਾ ਕਿ ਜਿਸ ਵਿਅਕਤੀ ਦੀ ਗੰੁਮਸ਼ੁਦਗੀ ਬਾਰੇ ਮੁਕੱਦਮਾ ਦਰਜ ਹੋਇਆ ਹੈ ਉਸ ਖ਼ਿਲਾਫ਼ ਬੈਂਕ ਨਾਲ ਠੱਗੀ ਮਾਰਨ ਸਬੰਧੀ ਥਾਣਾ ਸਦਰ ਸੰਗਰੂਰ ਵਿਖੇ ਜਾਂਚ ਚੱਲ ਰਹੀ ਹੈ |