ਅਹਿਮਦਗੜ੍ਹ, 25 ਮਈ (ਸੁਖਜੀਤ ਸਿੰਘ ਖੇੜਾ) - ਨਗਰ ਕੌਂਸਲ ਚੋਣ ਅਹਿਮਦਗੜ੍ਹ ਦੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਸੋਂਦ ਦੀ ਸਥਿਤੀ ਮਜ਼ਬੂਤ ਜਾਪ ਰਹੀ ਹੈ | ਇਲਾਕੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਚੋਣ ਮੈਦਾਨ ਵਿੱਚ ਉਨ੍ਹਾਂ ਦਾ ਪੱਲਾ ਭਾਰੀ ਮੰਨਿਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵੱਲੋਂ ਗੁਰਪ੍ਰੀਤ ਸਿੰਘ ਸੌਂਦ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਦੇ ਕੇ ਨਿਵਾਜਿਆ ਗਿਆ ਹੈ | ਇਸ ਮੌਕੇ ਵਿਧਾਇਕ ਗੱਜਣ ਮਾਜਰਾ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਸੌਂਦ ਇੱਕ ਇਮਾਨਦਾਰ, ਮਿਲਣਸਾਰ ਅਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਖੜ੍ਹੇ ਰਹਿਣ ਵਾਲੇ ਨੌਜਵਾਨ ਹਨ | ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ, ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਸ਼ਹਿਰ ਵਿੱਚ ਚੰਗਾ ਰਸੂਖ ਰੱਖਣ ਵਾਲੇ ਜਸਵਿੰਦਰ ਸਿੰਘ ਸੌਂਦ ਦੇ ਲਾਡਲੇ ਸਪੁੱਤਰ ਹਨ, ਜਿਨ੍ਹਾਂ ਦੀ ਇਲਾਕੇ 'ਚ ਵੱਡੀ ਪਹਿਚਾਣ ਅਤੇ ਇੱਜ਼ਤ ਹੈ | ਗੁਰਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਵਾਰਡ ਨੰਬਰ 8 ਦੇ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦੇ ਹੱਲ ਲਈ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਗਲੀਆਂ ਅਤੇ ਨਾਲੀਆਂ ਦੀ ਮੁਰੰਮਤ, ਸਾਫ਼-ਸਫ਼ਾਈ ਦੀ ਵਧੀਆ ਵਿਵਸਥਾ, ਸਟਰੀਟ ਲਾਈਟਾਂ ਦੀ ਸੁਧਾਰ, ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਸੀਵਰੇਜ ਪ੍ਰਬੰਧ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਇਸ ਤੋਂ ਇਲਾਵਾ ਨੌਜਵਾਨਾਂ ਅਤੇ ਮਹਿਲਾਵਾਂ ਦੀ ਭਲਾਈ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਵਾਰਡ ਦੇ ਲੋਕਾਂ ਦਾ ਮਿਲ ਰਿਹਾ ਪਿਆਰ ਅਤੇ ਸਹਿਯੋਗ ਉਨ੍ਹਾਂ ਲਈ ਸਭ ਤੋਂ ਵੱਡੀ ਤਾਕਤ ਹੈ ਅਤੇ ਜੇਕਰ ਲੋਕਾਂ ਨੇ ਮੌਕਾ ਦਿੱਤਾ ਤਾਂ ਉਹ ਵਾਰਡ ਨੰਬਰ 8 ਨੂੰ ਵਿਕਾਸ ਪੱਖੋਂ ਮਿਸਾਲੀ ਵਾਰਡ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ |