ਅਹਿਮਦਗੜ੍ਹ, 26 ਮਈ (ਸੁਖਜੀਤ ਸਿੰਘ ਖੇੜਾ) - ਅਹਿਮਦਗੜ੍ਹ ਵਿਖੇ ਨਗਰ ਕੌਂਸਲ ਚੋਣਾਂ ਦਾ ਕੰਮ ਇੱਕ ਦੋ ਵਾਰਡਾਂ ਵਿੱਚ ਛਿੱਟ ਪੁੱਟ ਘਟਨਾਵਾਂ ਤੋਂ ਬਿਨਾਂ ਪੂਰੇ ਅਮਨ ਅਮਾਨ ਨਾਲ ਸਮਾਪਤ ਹੋਇਆ | ਪ੍ਰਾਪਤ ਜਾਣਕਾਰੀ ਅਨੁਸਾਰ ਅਹਿਮਦਗੜ੍ਹ ਦੇ ਕੁੱਲ 17 ਵਾਰਡਾਂ ਦੇ 29 ਬੂਥਾਂ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਿੱਚ ਕਈ ਦਿਲਚਸਪ ਪਹਿਲੂ ਦੇਖਣ ਨੂੰ ਮਿਲੇ | ਵਾਰਡ ਨੰਬਰ 11 ਜੋ ਕਿ ਇਸਤਰੀ ਰਾਖਵਾਂ ਸੀ ਉਸ ਦੇ ਬੂਥ ਨੰਬਰ 13 ਵਿੱਚ ਇਨ੍ਹੀਂ ਧੀਮੀ ਰਫ਼ਤਾਰ ਨਾਲ ਵੋਟਿੰਗ ਹੋ ਰਹੀ ਸੀ ਕਿ ਸਵੇਰ ਤੋਂ ਬਹੁਤ ਹੀ ਲੰਬੀ ਲਾਈਨਾਂ ਲੱਗੀਆਂ ਅਤੇ ਤਕਰੀਬਨ 4 ਵਜੇ ਤੱਕ ਵਾਰਡ ਦੀਆਂ ਕੁੱਲ 1167 ਵੋਟਾਂ ਚੋਂ ਕੇਵਲ 500 ਦੇ ਕਰੀਬ ਵੋਟ ਹੀ ਪੋਲ ਹੋ ਸਕੀ ਸੀ ਜਿਸ ਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੇ ਉਨ੍ਹਾਂ ਵੱਲੋਂ ਲੋਕਾਂ ਦੀ ਮੰਗ ਤੇ ਦੋ ਕਾਊਾਟਰ ਲਗਾਏ ਗਏ ਤਾਂ ਕਿਤੇ ਪੋਲਿੰਗ ਕੰਪਲੀਟ ਹੋਈ | ਇਸੇ ਤਰ੍ਹਾਂ ਵਾਰਡ ਨੰਬਰ 6 ਅਤੇ ਵਾਰਡ ਨੰਬਰ 7 ਵਿੱਚ ਪੋਲਿੰਗ ਬੂਥ ਦੇ ਬਾਹਰ ਸੱਤਾਧਾਰੀ ਧਿਰ ਦੇ ਉਮੀਦਵਾਰਾਂ ਦੇ ਸਮਰਥਕਾਂ ਅਤੇ ਦੂਜੀਆਂ ਧਿਰਾਂ ਦੇ ਸਮਰਥਕਾਂ ਵਿੱਚ ਹੱਥੋ ਪਾਈ ਅਤੇ ਵੋਟਰਾਂ ਨੂੰ ਲੈ ਕੇ ਧੱਕਾ ਮੁੱਕੀ ਵੀ ਹੋਈ ਜਦ ਕਿ ਪੁਲਿਸ ਪ੍ਰਸ਼ਾਸਨ ਕਿਸੇ ਦਬਾਅ ਹੇਠ ਬੇਵੱਸ ਨਜ਼ਰ ਆਇਆ | ਜਦੋਂ ਕਿ ਬਾਕੀ ਵਾਰਡਾਂ ਵਿੱਚ ਵੋਟਰਾਂ ਤੇ ਉਮੀਦਵਾਰਾਂ ਵਿੱਚ ਆਪਸੀ ਤਾਲਮੇਲ ਕਾਰਨ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਹੋ ਨਿੱਬੜਿਆ | ਰਿਟਰਨਿੰਗ ਅਧਿਕਾਰੀ ਇੰਜੀਨੀਅਰ ਹਰਮਿੰਦਰ ਸਿੰਘ ਪੂਰਾ ਦਿਨ ਬੂਥਾਂ ਦਾ ਜਾਇਜ਼ਾ ਲੈਂਦੇ ਨਜ਼ਰ ਆਏ ਅਤੇ ਉਨ੍ਹਾਂ ਚੋਣਾ ਦਾ ਕੰਮ ਨਿਰਪੱਖ ਢੰਗ ਨਾਲ ਹੋਣ ਦਾ ਦਾਅਵਾ ਕੀਤਾ | ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਪ੍ਰੋਤਸਾਹਿਨ ਸਰਟੀਫਿਕੇਟਾਂ ਤੋਂ ਵਾਂਝਾ ਰੱਖਿਆ ਗਿਆ | ਇਸ ਦੌਰਾਨ ਕੁੱਲ 17 ਵਾਰਡਾਂ ਵਿੱਚ 16 ਤੇ ਕਾਂਗਰਸ ਪਾਰਟੀ, 15 ਤੇ ਆਮ ਆਦਮੀ ਪਾਰਟੀ, 11 ਤੇ ਸ਼੍ਰੋਮਣੀ ਅਕਾਲੀ ਦਲ (ਬ), ਭਾਜਪਾ 10 ਵਾਰਡਾਂ ਚ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਸਹਿਯੋਗ ਨਾਲ ਕੁੱਲ 6 ਵਾਰਡਾਂ ਤੇ ਆਜ਼ਾਦ ਉਮੀਦਵਾਰਾਂ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰਾਂ ਦੀਆਂ ਕਿਸਮਤਾਂ ਵੋਟ ਬਖ਼ਸ਼ਿਆ ਚ ਬੰਦ ਹੋ ਗਈਆਂ ਹਨ | ਇਹਨਾਂ ਬਖ਼ਸ਼ਿਆਂ ਦੇ ਵਿੱਚੋਂ ਕੌਣ ਕੌਂਸਲਰ ਦੀ ਪੌੜੀ ਚੜ੍ਹਦਾ ਹੈ ਇਸ ਦਾ ਫੈਸਲਾ 29 ਮਈ ਨੂੰ ਹੋਵੇਗਾ | ਇਸ ਦੌਰਾਨ ਪੂਰੇ 17 ਵਾਰਡਾਂ ਵਿੱਚੋਂ ਭਾਰੀ ਗਰਮੀ ਦੇ ਬਾਵਜੂਦ ਵੀ ਅਹਿਮਦਗੜ੍ਹ ਦਾ ਵੋਟ ਪ੍ਰਤੀਸ਼ਤ ਚੋਣ ਖ਼ਤਮ ਹੋਣ ਤੱਕ 72.66% ਰਿਕਾਰਡ ਕੀਤਾ ਗਿਆ |