ਧੂਰੀ, 26 ਮਈ (ਸੰਜੇ ਲਹਿਰੀ, ਧਾਂਦਰਾ) - ਨਗਰ ਕੌਂਸਲ ਧੂਰੀ ਦੀਆਂ 16 ਵਾਰਡਾਂ ਵਿੱਚ ਅੱਜ ਹੋਈ ਪੋਲਿੰਗ ਦੌਰਾਨ ਧੂਰੀ ਦੇ ਇਕਾ ਦੁੱਕਾ ਵਾਰਡਾਂ ਨੂੰ ਛੱਡ ਕੇ ਲਗਭਗ ਸਾਰੇ ਵਾਰਡਾਂ ਵਿੱਚ ਹੀ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 14 ਅਤੇ 16 ਦੇ ਪੋਲਿੰਗ ਸਟੇਸ਼ਨਾਂ ਤੇ ਕੁਝ ਵਿਅਕਤੀਆਂ ਵੱਲੋਂ ਵਪਾਰੀ ਆਗੂ ਸ੍ਰੀ ਵਿਕਾਸ ਜੈਨ ਨਾਲ ਹੱਥੋ ਪਾਈ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਪੁਲਿਸ ਪ੍ਰਸ਼ਾਸਨ ਦੀ ਸੂਝ ਬੂਝ ਨਾਲ ਇਹ ਮਸਲਾ ਸ਼ਾਂਤ ਹੋ ਗਿਆ ਸ੍ਰੀ ਵਿਕਾਸ ਜੈਨ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੇ ਕਿਸੇ ਮਿੱਤਰ ਨਾਲ ਫੋਨ ਤੇ ਗੱਲਬਾਤ ਕਰਦੇ ਆ ਰਹੇ ਸਨ ਕਿ ਪਿੱਛੋਂ ਕੁਝ ਵਿਅਕਤੀਆਂ ਨੇ ਉਹਨਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਇਹ ਸੱਤ ਅੱਠ ਵਿਅਕਤੀ ਸਨ ਉਹਨਾਂ ਕਿਹਾ ਕਿ ਜੇਕਰ ਮੌਕੇ ਤੇ ਪੁਲਿਸ ਅਧਿਕਾਰੀ ਇਨਾਂ ਹੁਲੜਬਾਜਾਂ ਨੂੰ ਲਲਕਰਾ ਨਾ ਮਾਰਦੇ ਤਾਂ ਇਹ ਮੇਰਾ ਜਾਨੀ ਨੁਕਸਾਨ ਵੀ ਕਰ ਸਕਦੇ ਸਨ ਇਸੇ ਲੜੀ ਵਿੱਚ ਵਾਰਡ ਨੰਬਰ ਚਾਰ ਵਿੱਚ ਵੀ ਕਾਂਗਰਸੀ ਆਗੂ ਸ਼ੁਭਮ ਸ਼ਰਮਾ ਨਾਲ ਹੱਥੋ ਪਾਈ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਵਾਰਡ ਨੰਬਰ 14 ਤੋਂ ਆਜ਼ਾਦ ਉਮੀਦਵਾਰ ਸ਼੍ਰੀ ਸੰਦੀਪ ਤਾਇਲ ਪੱਪੂ ਸਾਬਕਾ ਪ੍ਰਧਾਨ ਨਗਰ ਕੌਂਸਲ ਧੂਰੀ ਦੇ ਪਰਿਵਾਰਿਕ ਮੈਂਬਰਾਂ ਨਾਲ ਵੀ ਹੱਥਾ ਪਾਈ ਅਤੇ ਕੁੱਟਮਾਰ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਬਾਕੀ ਲਗਭਗ ਸਾਰੇ ਵਾਰਡਾਂ ਵਿੱਚ ਨਗਰ ਕੌਂਸਲ ਦੀਆਂ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜਨ ਦੀ ਖਬਰ ਹੈ | ਵੱਖ ਵੱਖ ਵਾਰਡਾਂ ਦੇ ਵੱਖੋ ਵੱਖ ਪਾਰਟੀਆਂ ਤੋਂ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਉੱਪਰ ਧੱਕੇਸ਼ਾਹੀ ਕਰਨ ਦੇ ਦੋਸ਼ ਵੀ ਲਗਾਏ ਗਏ ਹਨ ਜਦੋਂ ਕਿ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵੋਟਾਂ ਪਾਉਣ ਦਾ ਕੰਮ ਪੂਰੀ ਤਰ੍ਹਾਂ ਨਿਰਪੱਖ ਤਰੀਕੇ ਨਾਲ ਮੁਕੰਮਲ ਹੋਇਆ ਹੈ ਤੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਕਿਸੇ ਪ੍ਰਕਾਰ ਦੀ ਧੱਕਾਸ਼ਾਹੀ ਨਹੀਂ ਕਰਨ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਭਾਰੀ ਗਰਮੀ ਦੇ ਬਾਵਜੂਦ ਵੀ ਵੋਟਰਾਂ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਕਾਫੀ ਉਤਸਾਹ ਦਿਖਾਈ ਦਿੱਤਾ |