ਲੌਂਗੋਵਾਲ, 26 ਮਈ (ਵਿਨੋਦ, ਸ.ਖੰਨਾ) - ਲੌਂਗੋਵਾਲ ਨਗਰ ਕੌਂਸਲ ਚੋਣਾਂ ਵਿਚ ਇਕ ਦਿਲਚਸਪ ਪੱਖ ਇਹ ਸਾਹਮਣੇ ਆਇਆ ਹੈ ਕਿ ਇੱਥੋਂ ਵਾਰਡ ਨੰਬਰ-13 ਤੋਂ ਉਮੀਦਵਾਰ ਵੀਰਪਾਲ ਕੌਰ ਦੇ ਪਤੀ ਕਰਮਜੀਤ ਸਿੰਘ ਅਤੇ ਵਾਰਡ ਨੰਬਰ 15 ਤੋਂ ਉਮੀਦਵਾਰ ਅਮਨਦੀਪ ਕੌਰ ਦੇ ਪਤੀ ਕੌਰ ਸਿੰਘ ਅਤੇ ਵਾਰਡ ਨੰਬਰ 3 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੂਟਾ ਸਿੰਘ ਆਪੋ ਆਪਣੀਆਂ ਚੋਣ ਮੁਹਿੰਮਾਂ ਨੂੰ ਨੰਗੇ ਪੈਰੀਂ ਚਲਾ ਰਹੇ ਹਨ | ਜੇਠ ਮਹੀਨੇ ਦੀ ਤਪਦੀ ਗਰਮੀ ਵਿਚ ਜਦੋਂ ਮਨੁੱਖ ਦਾ ਛਾਂ ਵਿਚ ਵੀ ਖੜ੍ਹਨਾ ਮੁਸ਼ਕਿਲ ਹੈ, ਉਦੋਂ ਭਿਅੰਕਰ ਗਰਮੀ ਵਿਚ ਇਹ ਤਿੰਨੋ ਵਿਅਕਤੀ ਪਿਛਲੇ 15 ਦਿਨਾਂ ਤੋਂ ਨੰਗੇ ਪੈਰੀਂ ਤਪਦੀ ਦੁਪਹਿਰ 'ਚ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ | ਇੱਥੋਂ ਦੇ ਵਾਰਡ ਨੰਬਰ 13 ਤੋਂ ਉਮੀਦਵਾਰ ਵੀਰਪਾਲ ਕੌਰ ਦੇ ਪਤੀ ਕਰਮਜੀਤ ਸਿੰਘ ਅਤੇ ਵਾਰਡ ਨੰਬਰ 15 ਤੋਂ ਉਮੀਦਵਾਰ ਅਮਨਦੀਪ ਕੌਰ ਪਤੀ ਕੌਰ ਸਿੰਘ ਇੱਥੋਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸਿੱਧ ਸਮਾਧਾਂ ਵਿਖੇ ਪੂਰਨ ਆਸਥਾ ਰੱਖਦੇ ਹਨ ਅਤੇ ਇਹਨਾਂ ਨੇ ਇਸ ਸਥਾਨ ਦੇ ਬਾਹਰ ਆਪਣੀਆਂ ਜੁੱਤੀਆਂ ਉਤਾਰ ਕੇ ਤਹੱਈਆ ਕੀਤਾ ਹੈ ਕਿ ਜਿੰਨਾਂ ਚਿਰ ਜਿੱਤ ਨਸੀਬ ਨਹੀਂ ਹੁੰਦੀ, ਪੈਰਾਂ 'ਚ ਜੁੱਤੀ ਨਹੀਂ ਪਾਉਣਗੇ | ਇਹਨਾਂ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰਨ ਉਪਰੰਤ ਜੁੱਤੀਆਂ ਉਤਾਰ ਕੇ ਚੋਣ ਪ੍ਰਚਾਰ ਆਰੰਭਿਆ ਹੋਇਆ ਹੈ | ਇਸੇ ਤਰਾਂ ਵਾਰਡ ਨੰਬਰ 3 ਤੋਂ ਕਾਂਗਰਸੀ ਉਮੀਦਵਾਰ ਬੂਟਾ ਸਿੰਘ ਨੇ ਵੀ ਪਹਿਲੇ ਦਿਨ ਤੋਂ ਹੀ ਜੁੱਤੀਆਂ ਉਤਾਰ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਬੂਟਾ ਸਿੰਘ ਦਾ ਕਹਿਣਾ ਹੈ ਕਿ ਉਹ ਵੋਟਰਾਂ ਨਾਲ ਸੰਪਰਕ ਕਰਨ ਦੇ ਨਾਲ ਨਾਲ ਜੁੱਤੀਆਂ ਉਤਾਰ ਕੇ ਭਜਨ ਬੰਦਗੀ ਵੀ ਕਰ ਰਹੇ ਹਨ |