ਸੰਗਰੂਰ, 27 ਮਈ (ਦਮਨਜੀਤ ਸਿੰਘ) - ਸੰਗਰੂਰ ਅੰਦਰ ਅੱਜ ਚੜ੍ਹਦੀ ਸਵੇਰ ਤੋਂ ਹੀ ਸਰਗਰਮ ਹੋਏ ਕਾਰ ਸਵਾਰ ਲੁਟੇਰਾ ਗਿਰੋਹ ਨੇ ਸ਼ਹਿਰ ਵਾਸੀਆਂ ਅੰਦਰ ਡਰ ਦਾ ਮਾਹੌਲ ਬਣਾ ਕੇ ਰੱਖ ਦਿੱਤਾ | ਇਸ ਲੁਟੇਰਾ ਗਿਰੋਹ ਨੰੂ ਕਾਬੂ ਕਰਨ ਲਈ ਸੰਗਰੂਰ ਪੁਲਿਸ ਅੱਜ ਸਵੇਰ ਤੋਂ ਹੀ ਪੱਬਾਭਾਰ ਦਿਖਾਈ ਦਿੱਤੀ ਜਿਸ ਦੇ ਚੱਲਦਿਆਂ ਇਸ ਗਿਰੋਹ ਦੇ ਖ਼ਿਲਾਫ਼ ਥਾਣਾ ਸਦਰ ਸੰਗਰੂਰ ਵਿਖੇ ਮਾਮਲਾ ਦਰਜ਼ ਕਰ ਕੇ ਇਨ੍ਹਾਂ ਦੀ ਭਾਲ ਆਰੰਭ ਦਿੱਤੀ ਜਦਕਿ ਥਾਣਾ ਸਿਟੀ ਦੇ ਏਰੀਏ ਅੰਦਰ ਵਾਪਰੀ ਘਟਨਾ ਸਬੰਧੀ ਫਿਲਹਾਲ ਪੁਲਿਸ ਵੱਲੋਂ ਮੁਕੱਦਮਾ ਦਰਜ਼ ਕਰਨਾ ਬਾਕੀ ਹੈ | ਜ਼ਿਕਰਯੋਗ ਹੈ ਕਿ ਤੇਜਿੰਦਰ ਸਿੰਘ ਵਾਸੀ ਪੂਨੀਆ ਕਲੋਨੀ ਸੰਗਰੂਰ ਨੇ ਥਾਣਾ ਸਿਟੀ ਸੰਗਰੂਰ ਵਿੱਚ ਸ਼ਿਕਾਇਤ ਦਰਜ਼ ਕਰਵਾਈ ਕਿ ਅੱਜ ਤੜਕਸਾਰ ਕਰੀਬ ਸਾਢੇ 3 ਵਜੇ ਆਪਣੇ ਲੜਕੇ ਦੇ ਅਚਾਨਕ ਦਰਦ ਹੋਣ ਕਾਰਨ ਉਹ ਸਕੂਟਰੀ ਉੱਤੇ ਸਵਾਰ ਹੋ ਕੇ ਦਵਾਈ ਲੈਣ ਲਈ ਸਿਵਲ ਹਸਪਤਾਲ ਸੰਗਰੂਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਸਵਾਰ ਨਕਾਬਪੋਸ਼ ਵਿਅਕਤੀ ਸਕੂਟਰੀ ਦਾ ਪਿੱਛਾ ਕਰਨ ਲੱਗੇ ਅਤੇ ਜਦ ਤੇਜਿੰਦਰ ਨੰੂ ਇਨ੍ਹਾਂ ਵਿਅਕਤੀਆਂ ਉੱਤੇ ਸ਼ੱਕ ਹੋਇਆ ਤਾਂ ਉਸ ਨੇ ਆਪਣੀ ਸਕੂਟਰੀ ਮਹਿਲ ਮੁਬਾਰਕ ਦੀ ਕਲੋਨੀ ਦੀਆਂ ਗਲੀਆਂ ਵਿੱਚ ਮੋੜ ਲਈ ਅਤੇ ਉਹ ਕਾਰ ਸਵਾਰ ਗਲੀਆਂ ਵਿੱਚ ਵੀ ਉਸ ਦਾ ਪਿੱਛਾ ਕਰਦੇ ਰਹੇ | ਜਦ ਤੇਜਿੰਦਰ ਨੇ ਮਹਿਲ ਮੁਬਾਰਕ ਗੁਰਦੁਆਰਾ ਸਾਹਿਬ ਕੋਲੋਂ ਸਕੂਟਰੀ ਮੇਨ ਰੋਡ ਉੱਤੇ ਚੜ੍ਹਾਈ ਤਾਂ ਉਕਤ ਕਾਰ ਸਵਾਰ ਵਿਅਕਤੀਆਂ ਨੇ ਉਸ ਦੀ ਸਕੂਟਰੀ ਵਿੱਚ ਕਾਰ ਨਾਲ ਟੱਕਰ ਮਾਰ ਕੇ ਉਸ ਨੰੂ ਸਕੂਟਰੀ ਤੋਂ ਹੇਠਾਂ ਸਿੱਟ ਦਿੱਤਾ ਅਤੇ ਤੇਜਿੰਦਰ ਉੱਤੇ ਲੁੱਟ ਖੋਹ ਦੀ ਵਾਰਦਾਤ ਕਰਨ ਲਈ ਜਾਨਲੇਵਾ ਹਮਲਾ ਕਰ ਦਿੱਤਾ | ਤੇਜਿੰਦਰ ਮੁਤਾਬਕ ਉਸ ਨੇ ਇਨ੍ਹਾਂ ਵਿਅਕਤੀਆਂ ਤੋਂ ਆਪਣੀ ਜਾਨ ਬਚਾਈ ਪਰ ਇਸ ਦੌਰਾਨ ਕਾਰ ਸਵਾਰ ਵਿਅਕਤੀ ਉਸ ਦੀ ਸਕੂਟਰੀ ਖੋਹ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ | ਇਸ ਘਟਨਾ ਦੌਰਾਨ ਤੇਜਿੰਦਰ ਨੰੂ ਕਾਫ਼ੀ ਸੱਟਾਂ ਵੀ ਲੱਗੀਆਂ ਹਨ | ਤੇਜਿੰਦਰ ਸਕੂਟਰੀ ਖੋਹ ਕਰਨ ਉਪਰੰਤ ਇਹ ਕਾਰ ਸਵਾਰ ਲੁਟੇਰੇ ਸੰਗਰੂਰ -ਪਟਿਆਲਾ ਮੁੱਖ ਮਾਰਗ ਉੱਤੇ ਆ ਗਏ ਜਿੱਥੇ ਇਨ੍ਹਾਂ ਨੇ ਸਾਈਕਲਿੰਗ ਕਰ ਰਹੇ ਰਾਜ ਕੁਮਾਰ ਵਾਸੀ ਕਿ੍ਸ਼ਨਾ ਬਸਤੀ ਬਾੜਾ ਉੱਤੇ ਹਮਲਾ ਕਰਦਿਆਂ ਉਸ ਦਾ ਮੋਬਾਇਲ ਫ਼ੋਨ ਅਤੇ ਕੁੱਝ ਹੋਰ ਸਾਮਾਨ ਖੋਹ ਕਰ ਲਿਆ | ਰਾਜ ਕੁਮਾਰ ਤੋਂ ਕੁੱਝ ਕੁ ਦੂਰੀ ਉੱਤੇ ਪਟਿਆਲਾ ਵੱਲ ਨੰੂ ਜਾ ਰਹੇ ਸਾਇਕਲਿਸਟਾਂ ਨੰੂ ਵੀ ਕਾਰ ਦੀ ਟੱਕਰ ਮਾਰ ਕੇ ਇਨ੍ਹਾਂ ਲੁਟੇਰਿਆਂ ਨੇ ਮੁੱਖ ਸੜਕ ਉੱਤੇ ਸੁੱਟ ਲਿਆ ਅਤੇ ਇੱਕ ਵਿਅਕਤੀ ਨੇ ਕਾਰ ਵਿੱਚੋਂ ਬਾਹਰ ਨਿਕਲਦਿਆਂ ਇਨ੍ਹਾਂ ਸਾਇਕਲ ਸਵਾਰਾਂ ਉੱਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਸਾਇਕਲ ਸਵਾਰਾਂ ਵੱਲੋਂ ਰੋਲਾ ਪਾਏ ਜਾਣ ਕਾਰਨ ਇਹ ਲੁਟੇਰੇ ਉੱਥੋਂ ਕਾਰ ਭਜਾ ਕੇ ਫ਼ਰਾਰ ਹੋ ਗਏ | ਇਨ੍ਹਾਂ ਸਾਇਕਲ ਸਵਾਰਾਂ ਵਿੱਚੋਂ ਕਿਸੇ ਇੱਕ ਦੀ ਸਾਇਕਲ ਉੱਤੇ ਲੱਗੇ ਕੈਮਰੇ ਵਿੱਚ ਇਹ ਸਾਰੀ ਘਟਨਾ ਵੀ ਰਿਕਾਰਡ ਹੋ ਗਈ ਜਿਸ ਦੀ ਫੁਟੇਜ਼ ਬੜੀ ਤੇਜ਼ੀ ਨਾਲ ਇਲਾਕੇ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ | ਚਰਚਾਵਾਂ ਇਹ ਵੀ ਹਨ ਕਿ ਇਨ੍ਹਾਂ ਕਾਰ ਸਵਾਰ ਲੁਟੇਰਿਆਂ ਵੱਲੋਂ ਇਸ ਘਟਨਾ ਵਾਲੀ ਜਗ੍ਹਾ ਤੋਂ ਕੁੱਝ ਕੁ ਦੂਰ ਸਥਿਤ ਪਿੰਡ ਕਲੌਦੀ ਅਤੇ ਖੁਰਾਣਾ ਵਿੱਚ ਵੀ ਕੁੱਝ ਲੋਕਾਂ ਨੰੂ ਖੋਹ ਦੀ ਨੀਅਤ ਨਾਲ ਆਪਣਾ ਸ਼ਿਕਾਰ ਬਨਾਉਣ ਦੀ ਕੋਸ਼ਿਸ਼ ਕੀਤੀ ਅਤੇ ਇਨ੍ਹਾਂ ਘਟਨਾਵਾਂ ਤੋਂ ਬਾਅਦ ਇਹ ਲੁਟੇਰੇ ਸੰਗਰੂਰ- ਪਟਿਆਲਾ ਮੁੱਖ ਸੜਕ 'ਤੇ ਹੀ ਸਥਿਤ ਪਿੰਡ ਨਾਈਵਾਲਾ ਵਿਖੇ ਵਾਰਦਾਤਾਂ ਮੌਕੇ ਵਰਤੀ ਕਾਰ ਨੰੂ ਛੱਡ ਕੇ ਉੱਥੋਂ ਫ਼ਰਾਰ ਹੋ ਗਏ | ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ ਨਾਲ ਇਨ੍ਹਾਂ ਸਾਰਿਆਂ ਮਾਮਲਿਆਂ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਇਨ੍ਹਾਂ ਮਾਮਲਿਆਂ ਨੰੂ ਬੜੀ ਗੰਭੀਰਤਾਂ ਨਾਲ ਲੈ ਰਹੀ ਹੈ ਜਿਸ ਦੇ ਚੱਲਦਿਆਂ ਉਹ ਖ਼ੁਦ ਸਾਰੀ ਜਾਂਚ ਦੀ ਅਗਵਾਈ ਕਰ ਰਹੇ ਹਨ ਅਤੇ ਜਲਦ ਹੀ ਇਹ ਲੁਟੇਰੇ ਸੰਗਰੂਰ ਪੁਲਿਸ ਦੀ ਗਿ੍ਫ਼ਤ ਵਿੱਚ ਹੋਣਗੇ | ਉਨ੍ਹਾਂ ਦੱਸਿਆ ਕਿ ਵਾਰਦਾਤਾਂ ਵਿੱਚ ਵਰਤੀ ਗਈ ਕਾਰ ਨੰੂ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ |