ਲਹਿਰਾਗਾਗਾ, 27 ਮਈ (ਅਸ਼ੋਕ ਗਰਗ) - ਰੇਲਵੇ ਫਾਟਕ ਦੇ ਨਜ਼ਦੀਕ ਬਣੀ ਨਵੀਂ ਕਲੋਨੀ ਵਿੱਚ ਕੋਠੀ ਦਾ ਕੰਮ ਕਰਦੇ ਸਮੇਂ ਪੈੜ ਤੋਂ ਡਿੱਗ ਜਾਣ ਕਾਰਨ ਰਾਜ ਮਿਸਤਰੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | ਮਿ੍ਤਕ ਦੀ ਪਛਾਣ ਮੇਜਰ ਸਿੰਘ ਰਾਜ ਮਿਸਤਰੀ ਬਖੋਰਾ ਖ਼ੁਰਦ ਵਜੋਂ ਹੋਈ ਹੈ | ਸਿਟੀ ਇੰਚਾਰਜ ਗੁਰਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਿ੍ਤਕ ਦੀ ਪਤਨੀ ਬਲਜੀਤ ਕੌਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਉਸ ਦਾ ਪਤੀ ਪਿਛਲੇ ਚਾਰ ਮਹੀਨਿਆਂ ਤੋਂ ਅਖਰੇਸ਼ ਚੰਦ ਪੁੱਤਰ ਵਿਸਾਖੀ ਰਾਮ ਵਾਸੀ ਵਾਰਡ ਨੰਬਰ ਇੱਕ ਦੇ ਘਰ ਉਸਾਰੀ ਦਾ ਕੰਮ ਕਰ ਰਿਹਾ ਸੀ ਤਾਂ ਅਚਾਨਕ ਪੈੜ ਵਾਲਾ ਫੱਟਾ ਟੁੱਟਣ ਕਾਰਨ ਉਚਾਈ ਤੋਂ ਡਿੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪਹਿਲਾਂ ਲਹਿਰਾਗਾਗਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ | ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ | ਪਰਿਵਾਰ ਨੇ ਮੰਨਿਆ ਹੈ ਕਿ ਇਹ ਇੱਕ ਕੁਦਰਤੀ ਹਾਦਸਾ ਹੈ | ਇਸ ਹਾਦਸੇ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ | ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਹੈ |