ਦਿੜ੍ਹਬਾ ਮੰਡੀ, 27 ਮਈ (ਜਸਵੀਰ ਸਿੰਘ ਅÏਜਲਾ) - ਪਿੰਡ ਖਨਾਲ ਖੁਰਦ ਦੀ ਪੰਚਾਇਤ ਦੇ ਸਹਿਯੋਗ ਨਾਲ ਬਾਬਾ ਵਰਿਆਮ ਸਿੰਘ ਸਪੋਰਟਸ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਸ਼ੇਸ਼ ਮੁੱਖ ਮਹਿਮਾਨ ਦੇ ਤੌਰ 'ਤੇ ਟੂਰਨਾਮੈਂਟ ਵਿੱਚ ਪਹੁੰਚੇ | ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਮਿਲ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ | ਕੈਬਨਿਟ ਮੰਤਰੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਮਨੁੱਖੀ ਜ਼ਿੰਦਗੀ ਦਾ ਜ਼ਰੂਰੀ ਅੰਗ ਹਨ | ਖੇਡਾਂ ਦੇ ਨਾਲ ਹੀ ਤੰਦਰੁਸਤ ਸਮਾਜ ਦੀ ਨੀਂਹ ਰੱਖੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਅੱਜ ਗਰਮੀ ਦੇ ਵਿੱਚ ਵੀ ਸਾਡੇ ਪੰਜਾਬ ਦੇ ਨੌਜਵਾਨ ਖੇਡ ਮੈਦਾਨ ਵਿੱਚ ਹੌਸਲੇ ਨਾਲ ਆਪਣੇ ਜੌਹਰ ਵਿਖਾ ਰਹੇ ਹਨ, ਇਸ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਅੰਦਰ ਜੋਸ਼ ਅਤੇ ਜਜ਼ਬਾ ਹੈ | ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਾਗ਼ ਨਾਲ ਬਦਨਾਮ ਕਰਨ ਵਾਲਿਆਂ ਨੂੰ ਇਹੋ ਜਿਹੇ ਟੂਰਨਾਮੈਂਟ ਜਵਾਬ ਦਿੰਦੇ ਹਨ ਅਤੇ ਉਨ੍ਹਾਂ ਨੂੰ ਦੱਸਦੇ ਹਨ ਕਿ ਪੰਜਾਬ ਦਾ ਨੌਜਵਾਨ ਜਿੱਥੇ ਸਰਹੱਦਾਂ ਦੀ ਰਾਖੀ ਕਰਦਾ ਹੈ, ਖੇਤ ਅੰਦਰ ਅਨਾਜ ਪੈਦਾ ਕਰਦਾ ਹੈ ਅਤੇ ਇਸ ਦੇ ਨਾਲ ਹੀ ਉਹ ਜਦੋਂ ਖੇਡ ਦੇ ਮੈਦਾਨ ਦੇ ਵਿੱਚ ਆਉਂਦਾ ਹੈ ਤਾਂ ਵਿਰੋਧੀ ਟੀਮਾਂ ਨੂੰ ਤਰੇਲੀਆਂ ਪਾ ਦਿੰਦਾ ਹੈ | ਖਿਡਾਰੀਆਂ ਤੇ ਪਿੰਡ ਵਾਸੀਆਂ ਦੀ ਮੰਗ ਉੱਤੇ ਉਨ੍ਹਾਂ ਨੇ ਪਿੰਡ ਖਨਾਲ ਖੁਰਦ ਵਿਖੇ ਇੱਕ ਸਟੇਡੀਅਮ ਬਣਾਉਣ ਦਾ ਵੀ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਪੰਚਾਇਤ ਜਦੋਂ ਸਟੇਡੀਅਮ ਬਣਾਉਣ ਲਈ ਜ਼ਮੀਨ ਦੇ ਦੇਵੇਗੀ, ਉਸਦੇ ਨਾਲ ਹੀ ਸਟੇਡੀਅਮ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਪਿੰਡ ਦੀ ਪੰਚਾਇਤ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਪਿੰਡ ਦੇ ਵਿੱਚ ਬਹੁਤ ਗਰਾਂਟਾਂ ਦਿੱਤੀਆਂ ਗਈਆਂ ਹਨ ਅਤੇ ਸਟੇਡੀਅਮ ਬਣਾਉਣ ਦੀ ਮੰਗ ਨੂੰ ਪੂਰਾ ਕਰਕੇ ਉਨ੍ਹਾਂ ਨੇ ਪਿੰਡ ਵਾਲਿਆਂ ਦਾ ਮਾਣ ਰੱਖਿਆ ਹੈ | ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਸਮੁੱਚੀ ਪੰਚਾਇਤ, ਕਲੱਬ ਮੈਂਬਰ ਅਤੇ ਇਲਾਕੇ ਦੇ ਖਿਡਾਰੀ ਮੌਜੂਦ ਸਨ |