ਲਹਿਰਾਗਾਗਾ, 28 ਮਈ (ਅਸ਼ੋਕ ਗਰਗ) - ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਪੂਰੇ ਪੰਜਾਬ ਦੇ 2004 ਤੋਂ ਬਾਅਦ ਭਰਤੀ ਐਨ.ਪੀ.ਐਸ. ਕਰਮਚਾਰੀਆਂ ਨੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਲੰਬੇ ਸਮੇਂ ਤੋਂ ਇਸ ਮੁੱਦੇ 'ਤੇ ਸੰਘਰਸ਼ ਕਰ ਰਹੀਆਂ ਤਿੰਨ ਜਥੇਬੰਦੀਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਸੀ. ਪੀ.ਐਫ. ਕਰਮਚਾਰੀ ਯੂਨੀਅਨ ਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੇ ਆਗੂਆਂ ਸਤਵੰਤ ਆਲਮਪੁਰ, ਕਰਨੈਲ ਮੂਨਕ, ਮੈਡਮ ਗੁਰਪ੍ਰੀਤ ਕੌਰ, ਦਵਿੰਦਰ ਪਸ਼ੌਰ, ਮਨਪ੍ਰੀਤ ਜਵਾਹਰਵਾਲਾ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ ਚੰਗਾਲੀਵਾਲਾ ਨੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਦੇ ਬੈਨਰ ਹੇਠ ਸਰਕਾਰ ਵਿਰੁੱਧ ਅੱਜ ਮੱਝ ਅੱਗੇ ਬੀਨ ਵਜਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦੇ ਆਪਣੇ ਚੋਣ ਵਾਅਦੇ ਤੋਂ ਭੱਜ ਗਈ ਹੈ ਤੇ ਚਾਰ ਸਾਲ ਬੀਤ ਜਾਣ ਬਾਅਦ ਵੀ ਆਪਣਾ ਹੀ ਪੁਰਾਣੀ ਪੈਨਸ਼ਨ ਬਹਾਲੀ ਦਾ 18 ਨਵੰਬਰ 2022 ਦਾ ਨੋਟੀਫ਼ਿਕੇਸ਼ਨ ਲਾਗੂ ਕਰਨਾ ਭੁੱਲ ਗਈ ਹੈ | ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਰੋਸ ਵੱਜੋਂ ਮੰਚ ਨੇ ਫ਼ੈਸਲੇ ਅਨੁਸਾਰ ਅੱਜ ਮੁੱਖ ਮੰਤਰੀ ਦੇ ਪੋਸਟਰ ਅੱਗੇ ਬੀਨ ਵਜਾ ਕੇ ਪ੍ਰਦਰਸ਼ਨ ਕੀਤਾ | ਜ਼ਿਲ੍ਹਾ ਸੰਗਰੂਰ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਹੁਣ ਮੁਲਾਜ਼ਮ ਮੰਗਾਂ ਨੂੰ ਅਣਗੌਲਿਆ ਤੇ ਲਗਾਤਾਰ ਅਣਡਿੱਠ ਕਰ ਰਹੀ ਹੈ ਇਹ ਪਹਿਲੀ ਸਰਕਾਰ ਹੈ ਜੋ ਮੁਲਾਜ਼ਮਾਂ ਦੇ ਹੱਕ 'ਚ ਖੜਨ ਦੀ ਬਜਾਏ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦੇ ਖ਼ਿਲਾਫ਼ ਕੋਰਟਾਂ ਚ ਜਾ ਜਾ ਕੇ ਲੰਬੇ ਸੰਘਰਸ਼ ਤੋਂ ਬਾਅਦ ਪ੍ਰਾਪਤ ਹੱਕ ਕੁਚਲ ਰਹੀ ਹੈ ਅਤੇ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਨਹੀਂ ਕੀਤੇ ਅਤੇ ਜੋ ਹੱਕ ਲੰਬੇ ਸੰਘਰਸ਼ਾਂ ਤੋਂ ਬਾਅਦ ਮੁਲਾਜ਼ਮਾਂ ਨੂੰ ਮਿਲੇ ਸਨ, ਉਨ੍ਹਾਂ ਨੂੰ ਵੀ ਖੋਹਣ ਦੇ ਰਾਹ ਤੁਰ ਪਈ ਹੈ | ਉਨ੍ਹਾਂ ਦੱਸਿਆ ਕਿ 4 ਜੁਲਾਈ ਨੂੰ ਮੋਗਾ ਵਿਖੇ ਕਨਵੈੱਨਸ਼ਨ ਕੀਤੀ ਜਾਵੇਗੀ ਤੇ ਇਸ ਕਨਵੈੱਨਸ਼ਨ ਵਿੱਚ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਵਿਸ਼ੇਸ਼ ਸੱਦਾ ਦਿੱਤਾ ਜਾਵੇਗਾ ਤੇ ਉਨ੍ਹਾਂ ਦੀਆਂ ਕੁਰਸੀਆਂ ਵੀ ਲਗਾਈਆਂ ਜਾਣਗੀਆਂ ਤਾਂ ਕਿ ਉਹ ਮੁਲਾਜ਼ਮਾਂ ਦੇ ਭਖਦੇ ਮਸਲਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਨ | ਜੇਕਰ ਮੁੱਖ ਮੰਤਰੀ ਇਸ ਕਨਵੈੱਨਸ਼ਨ ਵਿੱਚ ਨਾ ਆਏ ਤਾਂ 23 ਅਗਸਤ ਨੂੰ ਪਿੰਡ ਸਤੌਜ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਵੱਲੋਂ ਮਹਾਂ ਰੈਲੀ ਕੀਤੀ ਜਾਵੇਗੀ, ਜਿਸ ਸਬੰਧੀ ਕਰਮਚਾਰੀਆਂ ਨੇ ਆਪਣੀਆਂ ਬਲਾਕ ਪੱਧਰੀ ਤੋਂ ਤਿਆਰੀਆਂ ਵਿੱਢ ਦਿੱਤੀਆਂ ਹਨ | ਇਸ ਮੌਕੇ ਤੇ ਸ਼ੀਤਲ ਕੁਮਾਰ, ਰਿੰਕੂ, ਸੋਨੰੂ ਲਹਿਰਾ, ਲਖਵਿੰਦਰ ਜੋਸ਼ੀ, ਕਰਮ ਸਿੰਘ ਲਹਿਲ ਕਲਾਂ, ਲਖਵਿੰਦਰ ਦੇਹਲਾਂ, ਪ੍ਰਦੀਪ ਕੁਮਾਰ, ਪਵਨਜੀਤ ਸਿੰਘ ਖੋਖਰ, ਹਰਜਿੰਦਰ ਪਾਲ, ਸਲਵਿੰਦਰ ਸਿੰਘ ਸੈਲੀ, ਦਵਿੰਦਰ ਸਿੰਘ ਗੁਰਸੇਵਕ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਸਨ |