ਸੰਗਰੂਰ, 30 ਮਈ (ਧੀਰਜ ਪਸੋਰੀਆ) - ਪੰਜਾਬ 'ਚ ਹੋਈਆਂ ਨਗਰ ਕੌਂਸਲ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ 'ਚ ਨਗਰ ਕੌਂਸਲ ਚੋਣਾਂ ਦੇ ਆਏ ਇਕ ਤਰਫਾ ਨਤੀਜਿਆਂ ਨੇ ਰਵਾਇਤੀ ਪਾਰਟੀਆਂ ਨੂੰ ਪੰਜਾਬ 'ਚ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸ਼ੀਸ਼ਾ ਵਿਖਾ ਦਿੱਤਾ ਹੈ | ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਜੋ ਆਪਣੇ ਆਪ ਨੂੰ ਸ਼ਹਿਰਾਂ ਦੀਆਂ ਚੈਂਪੀਅਨ ਸਮਝਦੀਆਂ ਹਨ, ਇਸ ਚੋਣ ਨਤੀਜੇ 'ਚ ਕਈ ਜਗ੍ਹਾ ਤਾਂ ਇਹ ਪਾਰਟੀਆਂ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ ਹਨ | ਸ੍ਰੀ ਅਰੋੜਾ ਨੇ ਕਿਹਾ ਕਿਹਾ ਕਿ ਪੰਜਾਬ 'ਚ 1977 ਵਾਰਡਾਂ ਵਿੱਚ ਹੋਈਆਂ ਚੋਣਾਂ ਦੇ ਆਏ 1667 ਵਾਰਡਾਂ ਦੇ ਨਤੀਜਿਆਂ ਵਿੱਚੋਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ 50% ਤੋਂ ਵੱਧ ਨਤੀਜੇ ਗਏ ਹਨ | ਆਏ ਇਨ੍ਹਾਂ ਨਤੀਜਿਆਂ ਵਿੱਚੋਂ ਕਾਂਗਰਸ ਨੂੰ 305, ਅਕਾਲੀ ਦਲ ਨੂੰ 168, ਭਾਜਪਾ ਨੂੰ 96, ਬਹੁਜਨ ਸਮਾਜ ਪਾਰਟੀ ਨੂੰ 8 ਅਤੇ ਆਜ਼ਾਦ ਉਮੀਦਵਾਰਾਂ ਨੂੰ 227 ਵਾਰਡਾਂ ਵਿੱਚੋਂ ਜਿੱਤ ਪ੍ਰਾਪਤ ਹੋਈ ਹੈ | ਸ੍ਰੀ ਅਰੋੜਾ ਨੇ ਕਿਹਾ ਕਿ ਜਿੱਤਣ ਵਾਲੇ ਆਜ਼ਾਦ ਉਮੀਦਵਾਰਾਂ ਵਿੱਚੋਂ ਜ਼ਿਆਦਾਤਰ ਉਮੀਦਵਾਰ ਆਮ ਆਦਮੀ ਪਾਰਟੀ ਨਾਲ ਹੀ ਸੰਬੰਧਿਤ ਹਨ ਕਿਉਂਕਿ ਪੰਜਾਬ ਦੇ ਕਈ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਕੋਲ ਜਿੱਤਣ ਵਾਲੇ ਇੱਕ ਤੋਂ ਵੱਧ ਉਮੀਦਵਾਰ ਸਨ ਪਰ ਟਿਕਟ ਤਾਂ ਇੱਕ ਨੂੰ ਹੀ ਦਿੱਤੀ ਜਾ ਸਕਦੀ ਸੀ, ਇਸ ਲਈ ਉਹ ਕੁੱਝ ਥਾਵਾਂ 'ਤੇ ਉਹ ਆਜ਼ਾਦ ਤੌਰ 'ਤੇ ਖੜੇ ਹੋ ਗਏ ਅਤੇ ਜਿੱਤ ਗਏ | ਉੁਨ੍ਹਾਂ ਕਿਹਾ ਕਿ ਇਹਨਾਂ ਚੋਣ ਨਤੀਜਿਆਂ ਨੇ ਆਮ ਆਦਮੀ ਪਾਰਟੀ ਦੀ ਨੀਤੀਆਂ 'ਤੇ ਮੋਹਰ ਲਗਾ ਦਿੱਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿੰਡਾਂ ਵਿੱਚ ਰਹਿ ਕੇ ਬੇਸ਼ੱਕ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਦੀ ਚੋਣ ਕੀਤੀ ਹੋਵੇ ਜਾਂ ਸ਼ਹਿਰ ਵਾਸੀਆਂ ਨੇ ਨਗਰ ਕੌਂਸਲਾਂ ਦੀ ਚੋਣ ਕੀਤੀ ਹੋਵੇ, ਦੋਨੋਂ ਵਾਰ ਇੱਕ ਤਰਫਾ ਫ਼ੈਸਲਾ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ, ਵਲੰਟੀਅਰਾਂ ਦੀ ਦਿਨ ਰਾਤ ਦੀ ਮਿਹਨਤ ਅਤੇ ਉਮੀਦਵਾਰਾਂ ਦੀ ਸਾਫ਼ ਛਵੀ 'ਤੇ ਮੋਹਰ ਲਗਾਈ ਹੈ | ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸ੍ਰੀ ਯਸ਼ਪਾਲ ਮੰਗਲਾ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ, ਅਵਤਾਰ ਸਿੰਘ ਝਨੇੜੀ, ਸਿਕੰਦਰ ਸਿੰਘ, ਮਣੀ ਸੁਨਾਮ ਅਤੇ ਹੋਰ ਮੌਜੂਦ ਸਨ |