ਭਵਾਨੀਗੜ੍ਹ, 2 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਹਲਕਾ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਫੱਗੂਵਾਲਾ ਵਿਖੇ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਿਹਤ ਕੇਂਦਰ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਰੱਖਿਆ | ਵਿਧਾਇਕਾ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਸਿਹਤ ਖੇਤਰ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ 'ਤੇ ਕੰਮ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਹੈਲਥ ਐਂਡ ਵੈਲਨੈੱਸ ਸੈਂਟਰ ਦੇ ਚਾਲੂ ਹੋਣ ਨਾਲ ਪਿੰਡ ਫੱਗੂਵਾਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਹਜ਼ਾਰਾਂ ਲੋਕਾਂ ਨੂੰ ਆਮ ਬਿਮਾਰੀਆਂ ਦੇ ਇਲਾਜ, ਸਿਹਤ ਜਾਂਚ, ਟੀਕਾਕਰਨ, ਮਾਤਾ ਤੇ ਬਾਲ ਸਿਹਤ ਸੇਵਾਵਾਂ ਸਮੇਤ ਹੋਰ ਬੁਨਿਆਦੀ ਸਿਹਤ ਸਹੂਲਤਾਂ ਦਾ ਲਾਭ ਮਿਲੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ, ਸਿਹਤ, ਬਿਜਲੀ, ਪਾਣੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਸੰਗਰੂਰ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅਮਲ 'ਚ ਲਿਆਂਦਾ ਜਾ ਰਿਹਾ ਹੈ | ਇਸ ਮੌਕੇ ਲਖਵਿੰਦਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਫੱਗੂਵਾਲਾ, ਲੱਕੀ ਫੱਗੂਵਾਲਾ, ਜਗਸੀਰ ਸਿੰਘ ਝਨੇੜੀ, ਬਿੰਦਰ ਖਹਿਰਾ ਪਿੰਡ ਦੇ ਪਤਵੰਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |