ਸੁਨਾਮ ਊਧਮ ਸਿੰਘ ਵਾਲਾ, 3 ਜੂਨ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਐਸ.ਡੀ.ਐਮ. ਸੁਨਾਮ ਗਗਨਦੀਪ ਸਿੰਘ ਨੇ ਅੱਜ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਅਤੇ 3704 ਅਧਿਆਪਕ ਯੂਨੀਅਨ ਵਲੋਂ ਇੱਕ ਅਧਿਆਪਕ ਦੀ ਧੱਕੇਸ਼ਾਹੀ ਨਾਲ ਲਾਈ ਬੀ.ਐਲ.ਓ. ਡਿਊਟੀ ਤੋਂ ਉਸ ਨੂੰ ਛੋਟ ਦੇਣ ਦੀ ਮੰਗ ਮੰਨ ਲਈ ਹੈ | ਜ਼ਿਕਰਯੋਗ ਹੈ ਕਿ ਬੀਤੀ 1 ਜੂਨ ਨੂੰ ਦੋਵਾਂ ਜਥੇਬੰਦੀਆਂ ਵਲੋਂ ਦਫ਼ਤਰ ਦੇ ਸੁਪਰਡੈਂਟ ਨੂੰ ਨਿਯਮਾਂ, ਅਧਿਆਪਕ ਦੀਆਂ ਸਮੱਸਿਆਵਾਂ ਅਤੇ ਦਫ਼ਤਰ ਦੀ ਇਸ ਮਾਮਲੇ ਵਿੱਚ ਧੱਕੇਸ਼ਾਹੀ ਦੇ ਹਵਾਲੇ ਨਾਲ ਮਿਲ ਕੇ ਡਿਊਟੀ ਤੋਂ ਛੋਟ ਦੀ ਮੰਗ ਰੱਖੀ ਸੀ | ਜਾਣਕਾਰੀ ਦਿੰਦਿਆਂ ਅਧਿਆਪਕ ਆਗੂਆਂ ਦਾਤਾ ਸਿੰਘ ਨਮੋਲ, ਹਰਭਗਵਾਨ ਗੁਰਨੇ ਤੇ ਦਵਿੰਦਰ ਕੁਮਾਰ ਨੇ ਦੱਸਿਆ ਕਿ 1 ਜੂਨ ਦੀ ਮੀਟਿੰਗ ਤੋਂ ਬਾਅਦ ਅਧਿਆਪਕ ਨੂੰ ਦੁਬਾਰਾ ਫੇਰ 'ਕਾਰਨ ਦੱਸੋ ਨੋਟਿਸ' ਜਾਰੀ ਕੀਤਾ ਗਿਆ ਸੀ | ਇਸ ਕਾਰਨ ਅੱਜ ਜਥੇਬੰਦੀਆਂ ਦਾ ਵਫ਼ਦ ਐਸ.ਡੀ.ਐਮ. ਨੂੰ ਮਿਲਿਆ ਅਤੇ ਸਾਰੀ ਸਥਿਤੀ ਦੱਸ ਕੇ ਆਪਣੀ ਮੰਗ ਦੁਹਰਾਈ | ਐਸ. ਡੀ.ਐਮ. ਨੇ ਜਥੇਬੰਦੀਆਂ ਨਾਲ ਸਹਿਮਤ ਹੁੰਦਿਆਂ ਮੰਗ ਨੂੰ ਜਾਇਜ਼ ਦੱਸਿਆ ਅਤੇ ਅਧਿਆਪਕ ਨੂੰ ਡਿਊਟੀ ਤੋਂ ਛੋਟ ਦੇਣ ਦੀ ਮੰਗ ਸਵੀਕਾਰ ਕਰ ਲਈ | ਵਫ਼ਦ ਵਿੱਚ ਉਕਤ ਤੋਂ ਇਲਾਵਾ ਸੀਨੀਅਰ ਆਗੂ ਬਲਬੀਰ ਲੌਂਗੋਵਾਲ, ਜਸਵੀਰ ਅਲੀਸ਼ੇਰ, ਜਸਵਿੰਦਰ ਸ਼ਾਹਪੁਰ, ਪਵਨ ਕੁਮਾਰ, ਸੁਖਜਿੰਦਰ ਸੰਗਰੂਰ, ਚੰਦਰ ਸ਼ੇਖਰ, ਹਰਵੇਲ ਸਿੰਘ, ਮਨਪ੍ਰੀਤ ਰਾਏਧਰਾਣਾ, ਰੇਸ਼ਮ ਪਾਲ ਤੇ ਜੀਵਨ ਸਿੰਘ ਸ਼ਾਮਿਲ ਸਨ |