ਛਾਜਲੀ, 8 ਜੂਨ (ਅਜਾਇਬ ਸਿੰਘ ਨੀਲੋਵਾਲ) - ਈ.ਟੀ.ਟੀ. ਟੈਟ ਪਾਸ ਅਧਿਆਪਕ ਐਸੋਸੀਏਸ਼ਨ ਜੈ ਸਿੰਘ ਵਾਲਾ ਵੱਲੋਂ ਹਲਕਾ ਦਿੜ੍ਹਬਾ ਦੇ ਵੱਖ-ਵੱਖ ਪਿੰਡਾਂ ਵਿੱਚ ਚਲਾਈ ਜਾ ਰਹੀ ਭੰਡੀ ਪ੍ਰਚਾਰ ਮੁਹਿੰਮ ਦੌਰਾਨ ਸਾਬਕਾ ਮੁਲਾਜ਼ਮ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਦੇ ਜਥੇਬੰਦਕ ਸਕੱਤਰ ਮਾਸਟਰ ਰਣਜੀਤ ਸਿੰਘ ਛਾਜਲੀ ਨੇ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ | ਉਨ੍ਹਾਂ ਕਿਹਾ ਕਿ ਉਹ ਖ਼ੁਦ ਕਰੀਬ 24 ਸਾਲ ਅਧਿਆਪਕ ਵਰਗ ਨਾਲ ਜੁੜੇ ਰਹੇ ਹਨ ਅਤੇ ਅਧਿਆਪਕਾਂ ਦੇ ਹੱਕਾਂ ਲਈ ਹੋਏ ਅਨੇਕਾਂ ਸੰਘਰਸ਼ਾਂ ਦੇ ਗਵਾਹ ਹਨ | ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਲੰਬਾ ਸੰਘਰਸ਼ ਕਰਨਾ ਪਿਆ ਹੈ ਅਤੇ ਅੱਜ ਵੀ ਬੇਰੁਜ਼ਗਾਰ ਅਧਿਆਪਕ ਆਪਣੀਆਂ ਜਾਇਜ਼ ਮੰਗਾਂ ਲਈ ਸੜਕਾਂ 'ਤੇ ਰੁਲਣ ਲਈ ਮਜਬੂਰ ਹਨ |