ਅਹਿਮਦਗੜ੍ਹ, 8 ਜੂਨ (ਮਹੋਲੀ, ਖੇੜਾ) - ਧਰਮ ਪ੍ਰਚਾਰ, ਵਾਤਾਵਰਨ ਦੀ ਸੰਭਾਲ ਅਤੇ ਮਨੁੱਖਤਾ ਦੀ ਭਲਾਈ 'ਚ ਅਹਿਮ ਯੋਗਦਾਨ ਪਾ ਰਹੀ ਸੰਸਥਾ ਗੁਰਮਤਿ ਸੇਵਾ ਸੁਸਾਇਟੀ ਹੈੱਡ ਆਫ਼ਿਸ ਨਿਰਮਲ ਆਸ਼ਰਮ ਜੰਡਾਲੀ ਖੁਰਦ ਦੇ ਮੁੱਖ ਸੇਵਾਦਾਰ ਅਤੇ ਉੱਘੇ ਸਿੱਖ ਵਿਦਵਾਨ ਗਿਆਨੀ ਗਗਨਦੀਪ ਸਿੰਘ ਨਿਰਮਲੇ (ਜੰਡਾਲ਼ੀ ਵਾਲ਼ੇ) ਦੀ ਅਗਵਾਈ 'ਚ 'ਹੋਮਿਓਪੈਥਿਕ ਚੈਰੀਟੇਬਲ ਹਸਪਤਾਲ' ਜੰਡਾਲੀ ਖੁਰਦ ਵੱਲੋਂ 'ਅਰੋਗ ਸਮਾਜ ਲਈ ਮੈਡੀਕਲ ਕੈਂਪ ਸੇਵਾ ਮਿਸ਼ਨ' ਤਹਿਤ ਹੋਮਿਓਪੈਥਿਕ ਮੈਡੀਕਲ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਗੁਰਮਤਿ ਸੇਵਾ ਸੁਸਾਇਟੀ ਦੇ ਸਲਾਹਕਾਰ ਜਸਵੰਤ ਸਿੰਘ ਡੇਹਲੋਂ ਨੇ ਦੱਸਿਆ ਕਿ ਕੈਂਪ 10 ਜੂਨ ਨੂੰ ਡੇਹਲੋਂ 'ਚ ਛੇਵੇਂ ਪਾਤਿਸ਼ਾਹ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ | ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਲੱਗੇਗਾ | ਜਿਸ ਵਿਚ ਮਾਹਿਰ ਡਾ. ਪਰਮਕਮਲਪ੍ਰੀਤ ਸਿੰਘ ਕੈਲੇ ਬੀ.ਐਚ.ਐਮ.ਐਸ. (ਪੀਬੀ.), ਡਾ. ਸੰਦੀਪ ਸਿੰਘ ਬੀ.ਐਚ.ਐਮ.ਐਸ. (ਪੀਬੀ.) ਅਤੇ ਅੰਮਿ੍ਤਪਾਲ ਸਿੰਘ ਦੀ ਟੀਮ ਵੱਲੋਂ ਜੋੜਾਂ ਦੇ ਦਰਦ/ਗਠੀਆ, ਦਿਲ ਦੀਆਂ ਬੀਮਾਰੀਆਂ, ਅÏਰਤਾਂ ਅਤੇ ਮਰਦਾਂ ਦੇ ਗੁਪਤ ਰੋਗ, ਬਲੱਡ ਪ੍ਰੈੱਸ਼ਰ, ਸ਼ੂਗਰ, ਥਾਇਰਾਇਡ, ਪੇਟ, ਜ਼ਿਗਰ ਦੀਆਂ ਬੀਮਾਰੀਆਂ, ਬਵਾਸੀਰ, ਕਬਜ਼, ਚਮੜੀ ਦੇ ਰੋਗ (ਐਲਰਜ਼ੀ, ਛਪਾਕੀ, ਗੰਜਾਪਨ), ਮਾਨਸਿਕ ਬੀਮਾਰੀਆਂ, ਬੱਚਿਆਂ ਦੀਆਂ ਬੀਮਾਰੀਆਂ, ਛਾਤੀ ਦੀਆਂ ਬੀਮਾਰੀਆਂ, ਅੱਖ, ਕੰਨ, ਨੱਕ, ਗਲ਼ੇ ਦੇ ਰੋਗ, ਗੁਰਦੇ ਦੀਆਂ ਬੀਮਾਰੀਆਂ, ਪੱਥਰੀ, ਕੈਂਸਰ, ਗਿਲ੍ਹਟੀਆਂ ਅਤੇ ਮੋਟਾਪਾ ਆਦਿ ਦੇ ਮਰੀਜ਼ਾ ਦੀ ਜਾਂਚ, ਡਾਕਟਰੀ ਸਲਾਹ ਅਤੇ ਹੋਮਿਓਪੈਥਿਕ ਦਵਾਈਆਂ ਦੀ ਸੇਵਾ ਬਿਲਕੁਲ ਮੁਫ਼ਤ ਕੀਤੀ ਜਾਵੇਗੀ | ਜਥੇਦਾਰ ਸੁਖਦੀਪ ਸਿੰਘ ਨਿਰਮਲੇ ਅਤੇ ਪ੍ਰਗਟ ਸਿੰਘ ਨੇ ਸੰਗਤ ਨੂੰ ਵੱਧ ਤੋਂ ਵੱਧ ਲਾਹਾ ਲੈਣ ਦਾ ਸੱਦਾ ਦਿੱਤਾ ਹੈ |