ਸੰਗਰੂਰ, 8 ਜੂਨ (ਧੀਰਜ ਪਸੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਝੋਨੇ ਦੀ ਲਵਾਈ 9 ਜੂਨ ਤੋਂ ਸ਼ੁਰੂ ਹੋ ਰਹੀ ਹੈ, ਜਿਸ ਵਾਸਤੇ ਖੇਤੀਬਾੜੀ ਵਿਭਾਗ ਅਤੇ ਪਾਵਰਕਾਮ ਵਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨ ਵੀ ਝੋਨੇ ਦੀ ਲਵਾਈ ਲਈ ਤਿਆਰੀਆਂ ਵਿਚ ਰੁੱਝੇ ਹੋਏ ਹਨ | ਜ਼ਿਲੇ੍ਹ ਵਿਚ 2.41 ਹੈਕਟੇਅਰ ਦੇ ਕਰੀਬ ਰਕਬੇ ਵਿਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ | ਖੇਤੀਬਾੜੀ ਅਫ਼ਸਰ ਡਾ. ਇੰਦਰਜੀਤ ਸਿੰਘ ਭੱਟੀ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਉਹ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀਆਂ ਉਹ ਕਿਸਮਾਂ ਦੀ ਲਵਾਈ ਕਰਨ ਜੋ ਪੱਕਣ ਵਿਚ ਘੱਟ ਸਮਾਂ ਲੈਂਦੀਆਂ ਹਨ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਈ ਕਿਸਮਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ | ਇਸ ਜਾਗਰੂਕਤਾ ਦਾ ਹੀ ਅਸਰ ਹੋਇਆ ਹੈ ਕਿ ਕਿਸਾਨ ਪੂਸਾ-44 ਵਰਗੀਆਂ ਜ਼ਿਆਦਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਤੋਂ ਮੂੰਹ ਮੋੜ ਰਹੇ ਹਨ | ਖੇਤੀਬਾੜੀ ਅਫ਼ਸਰ ਡਾ. ਸ਼ਵਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਾਸ਼ਤ ਲਈ ਲੋੜੀਂਦੀ ਯੂਰੀਆ ਖਾਦ ਦਾ ਕਰੀਬ 90% ਯੂਰੀਆ ਜ਼ਿਲੇ੍ਹ ਵਿਚ ਪਹੁੰਚ ਚੁੱਕਾ ਹੈ ਬਾਕੀ ਰਹਿੰਦਾ ਯੂਰੀਆ ਵੀ ਕੁਝ ਦਿਨਾਂ ਵਿਚ ਹੀ ਜ਼ਿਲੇ੍ਹ ਵਿਚ ਪੁੱਜ ਜਾਵੇਗਾ | ਯੂਰੀਆ ਖਾਦ ਦੀ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਪਾਵਰਕਾਮ ਦੇ ਐਕਸੀਅਨ ਦੀਪਕ ਕੁਮਾਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਲਈ ਬਿਜਲੀ ਸਪਲਾਈ ਸੁਚਾਰੂ ਰੂਪ ਵਿਚ ਦੇਣ ਲਈ ਪਾਵਰਕਾਮ ਨੇ ਪੂਰੇ ਪ੍ਰਬੰਧ ਕਰ ਲਏ ਹਨ |
ਝੋਨੇ ਦੇ ਬੌਣਾ ਰੋਗ ਬਾਰੇ ਕਿਸਾਨਾਂ ਨੂੰ ਕੀਤਾ ਸੁਚੇਤ
ਖੇਤੀਬਾੜੀ ਅਫ਼ਸਰ ਡਾ. ਇੰਦਰਜੀਤ ਸਿੰਘ ਭੱਟੀ ਨੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਫ਼ਸਲ ਵਿੱਚ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਬੌਣਾ ਵਾਇਰਸ ਦੇ ਲੱਛਣ ਦੇਖਣ ਨੂੰ ਮਿਲੇ ਸਨ, ਜਿਸ ਕਾਰਨ ਫ਼ਸਲ ਨੂੰ ਕਾਫ਼ੀ ਨੁਕਸਾਨ ਹੋਇਆ ਸੀ | ਇਸ ਸੰਬੰਧੀ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਕਿਸਾਨ ਆਪਣੀਆਂ ਝੋਨੇ ਦੀ ਪਨੀਰੀ ਦੀ ਨਿਯਮਿਤ ਜਾਂਚ ਕਰਦੇ ਰਹਿਣ | ਜੇਕਰ ਨਰਸਰੀ ਵਿੱਚ ਚਿੱਟੀ ਪਿੱਠ ਵਾਲਾ ਟਿੱਡਾ (ਵਾਈਟ ਬੈਕਡ ਪਲਾਂਟ ਹੋਪਰ) ਨਜ਼ਰ ਆਵੇ, ਤਾਂ ਇਸ ਦਾ ਤੁਰੰਤ ਸਿਫ਼ਾਰਸ਼ੀ ਕੀਟਨਾਸ਼ਕ ਦਾ ਛਿੜਕਾਅ ਕਰਕੇ ਪਨੀਰੀ ਵਿੱਚ ਕੰਟਰੋਲ ਕੀਤਾ ਜਾਵੇ | ਇਸ ਤਰ੍ਹਾਂ ਕੀਟ ਦਾ ਸਮੇਂ ਸਿਰ ਕੰਟਰੋਲ ਕਰਨ ਨਾਲ ਬੌਣਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ ਅਤੇ ਮੁੱਖ ਫ਼ਸਲ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ | ਕਿਸਾਨ ਖੇਤੀਬਾੜੀ ਵਿਭਾਗ ਵੱਲੋਂ ਸਿਫ਼ਾਰਸ਼ ਕੀਤੇ ਕੀਟਨਾਸ਼ਕ ਅਤੇ ਮਾਤਰਾ ਦੀ ਹੀ ਵਰਤੋਂ ਕਰਨ |
ਪੁਲਿਸ ਵਲੋਂ ਕੀਤੀ ਧੱਕੇਸ਼ਾਹੀ ਦੇ ਰੋਸ ਵਜੋਂ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ
ਅਜੀਤ ਡੈਸਕ
09-06-2026