ਸੰਦੌੜ, 8 ਜੂਨ (ਜਸਵੀਰ ਸਿੰਘ ਜੱਸੀ) - ਹਲਕਾ ਮਲੇਰਕੋਟਲਾ ਦੇ ਸੰਦੌੜ ਇਲਾਕੇ ਦੇ ਆਸਪਾਸ ਦੀਆਂ ਸੰਪਰਕ ਸੜਕਾਂ ਅਤੇ ਮਲੇਰਕੋਟਲਾ, ਰਾਏਕੋਟ ਰੋਡ 'ਤੇ ਰੁੱਖਾਂ ਦੀ ਨਾਜਾਇਜ਼ ਕਟਾਈ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਕਾਰਨ ਵਾਤਾਵਰਨ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ | ਮਲੇਰਕੋਟਲਾ ਤੋਂ ਕੁਠਾਲਾ ਵੱਲ ਜਾਂਦੀ ਸੰਪਰਕ ਸੜਕ 'ਤੇ ਮਹਿੰਗੀਆਂ ਟਾਹਲੀ ਦੇ ਦਰੱਖਤਾਂ ਨੂੰ ਬੇਰਹਿਮੀ ਨਾਲ ਵੱਢਿਆ ਜਾ ਰਿਹਾ ਹੈ | ਇਹ ਦਰੱਖ਼ਤ ਸੜਕਾਂ ਦੇ ਦੋਨੋਂ ਪਾਸਿਆਂ ਨੂੰ ਹਰਾ-ਭਰਾ ਬਣਾਉਂਦੇ ਸਨ, ਅਤੇ ਰਾਹਗੀਰਾਂ ਨੂੰ ਛਾਂ ਪ੍ਰਦਾਨ ਕਰਦੇ ਹਨ ਪਰ ਹੁਣ ਇਹ ਸੜਕਾਂ ਰੁੱਖਾਂ ਬਿਨਾਂ ਸੱਖਣੀਆਂ ਦਿਖਾਈ ਦੇਣ ਲੱਗ ਪਈਆਂ ਹਨ | ਸਥਾਨਕ ਲੋਕਾਂ ਅਤੇ ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਹ ਕਟਾਈ ਪੂਰੀ ਤਰ੍ਹਾਂ ਨਜਾਇਜ਼ ਹੈ ਅਤੇ ਇਸ ਦੇ ਬਾਵਜੂਦ ਸੰਬੰਧਿਤ ਵਿਭਾਗ ਚੁੱਪੀ ਸਾਧੇ ਬੈਠਾ ਹੈ | ਰਾਹਗੀਰਾਂ ਨੇ ਦੋਸ਼ ਲਾਇਆ ਕਿ ਵਿਭਾਗ ਕੁੰਭਕਰਨੀ ਨੀਂਦ ਵਿੱਚ ਸੁੱਤਾ ਹੋਇਆ ਹੈ, ਜਿਸ ਕਾਰਨ ਰੁੱਖਾਂ ਦੀ ਲੁੱਟ ਜਾਰੀ ਹੈ | ਦਰਖਤਾਂ ਦੀ ਕਟਾਈ ਨਾਲ ਨਾ ਸਿਰਫ਼ ਹਵਾ ਪ੍ਰਦੂਸ਼ਣ ਵੱਧ ਰਿਹਾ ਹੈ, ਸਗੋਂ ਇਲਾਕੇ ਦਾ ਤਾਪਮਾਨ ਵੀ ਉੱਚਾ ਹੋਣ ਦਾ ਖ਼ਤਰਾ ਬਣ ਗਿਆ ਹੈ | ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ, ਅਮਨਦੀਪ ਅਤੇ ਲੰਘੇ ਜਾ ਰਹੇ ਰਾਹਗੀਰਾਂ ਨੇ ਦੁੱਖ ਭਰੇ ਲਹਿਜ਼ੇ ਨਾਲ ਕਿਹਾ ਕਿ ਜੇਕਰ ਇਹ ਕਟਾਈ ਨਾ ਰੋਕੀ ਗਈ ਤਾਂ ਆਉਣ ਵਾਲੀਆਂ ਪੀੜ੍ਹੀਆਂ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ | ਉਨ੍ਹਾਂ ਨੇ ਸਰਕਾਰ ਅਤੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਖ਼ਿਲਾਫ਼ ਸਖਤ ਕਦਮ ਚੁੱਕੇ ਜਾਣ ਅਤੇ ਕੱਟੇ ਜਾ ਰਹੇ ਦਰਖਤਾਂ ਦੀ ਥਾਂ ਨਵੇਂ ਪੌਦੇ ਲਗਾਏ ਜਾਣ | ਇਲਾਕੇ ਦੇ ਨਿਵਾਸੀਆਂ 'ਚ ਵੀ ਇਸ ਮਾਮਲੇ ਨੂੰ ਲੈ ਕੇ ਨਿਰਾਸ਼ਾ ਦਾ ਮਾਹੌਲ ਹੈ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਵੀ ਧਿਆਨ ਨਾ ਦਿੱਤਾ ਗਿਆ ਤਾਂ ਸੜਕਾਂ ਦੇ ਕਿਨਾਰੇ ਪੂਰੀ ਤਰ੍ਹਾਂ ਬੰਜਰ ਹੋ ਜਾਣਗੇ, ਜੋ ਕਿ ਵਾਤਾਵਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਘਾਤਕ ਸਾਬਤ ਹੋਵੇਗਾ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ੇਰਗੜ੍ਹ ਚੀਮਾ ਵਿਖੇ ਬੀਤੇ ਵਰ੍ਹੇ ਵੱਡੀ ਪੱਧਰ 'ਤੇ ਤਕਰੀਬਨ 25 ਤੋਂ 30 ਦਰੱਖ਼ਤ ਵੱਢਣ ਦਾ ਮਾਮਲਾ ਸਾਹਮਣੇ ਆਇਆ ਸੀ, ਪਰ ਉਸ 'ਚ ਵਿਭਾਗ ਵਲੋਂ ਕਾਰਵਾਈ ਨਾ ਕਰਨਾ ਲੱਕੜ ਚੋਰਾਂ ਦਾ ਹੌਸਲਾ ਵਧਾਉਣ ਬਰਾਬਰ ਸੀ, ਇਸ ਮਾਮਲੇ 'ਚ ਜਦੋਂ ਸੰਬੰਧ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ, ਪ੍ਰਸ਼ਾਸਨ ਵਿੱਚ ਹੋਈਆਂ ਬਦਲੀਆਂ ਕਾਰਨ ਕਿਸੇ ਉੱਚ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ |