ਮਾਲੇਰਕੋਟਲਾ, 21 ਜੂਨ ( ਮਨਜਿੰਦਰ ਸਿੰਘ ਸਰੌਦ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਅੱਜ ਜਦ ਕੁਝ ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ ਤਾਂ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਸੂਬੇ ਅੰਦਰ ਸਰਕਾਰ ਬਣਾਉਣ ਦੇ ਲਈ ਆਪੋ-ਆਪਣੀਆਂ ‘ਗੋਟੀਆਂ ਫਿੱਟ’ ਕਰਕੇ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ । ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਭਾਵੇਂ ਸੱਤਾਧਾਰੀ ਧਿਰ ‘ਆਪ’, ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਵੱਖ ਧੜਿਆਂ ਵਲੋਂ ਪੱਬਾਂ ਭਾਰ ਹੋ ਕੇ ਇੱਕ ਵੱਡੀ ਲੜਾਈ ਲੜਨ ਦੇ ਲਈ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ । ਇਹ ਗੱਲ ਭਾਵੇਂ ਅਜੇ ਸਮੇਂ ਦੇ ਗਰਭ ਵਿੱਚ ਹੈ ਕਿ ਆਉਣ ਵਾਲੀ ਸਰਕਾਰ ਕਿਸ ਦੀ ਹੋਵੇਗੀ, ਕਿਉਂਕਿ ਸਿਆਸਤ ਦੇ ਵਿੱਚ ਸਮੇਂ-ਸਮੇਂ ‘ਤੇ ਸਥਿਤੀ ਬਦਲ ਜਾਂਦੀ ਹੈ । ਪਰ ਹੋਵੇ ਕੁਝ ਵੀ, ਇੱਥੇ ਇੱਕ ਗੱਲ ਜ਼ਰੂਰ ਵਾਚਣੀ ਬਣਦੀ ਹੈ ਕਿ ਪਿੰਡਾਂ ਦੀਆਂ ਸੱਥਾਂ ਅੰਦਰ ਪੰਜਾਬ ਦੀ ਅਫ਼ਸਰਸ਼ਾਹੀ ਤੋਂ ਬੁਰੀ ਤਰ੍ਹਾਂ ਅੱਕੇ ਲੋਕ ਇਹ ਜ਼ਰੂਰ ਕਹਿੰਦੇ ਹਨ ਕਿ ਜੇਕਰ ਸੂਬੇ ਅੰਦਰ ਅਫ਼ਸਰਸ਼ਾਹੀ ਦਾ ਇਹੀ ਹਾਲ ਰਿਹਾ ਤਾਂ ਇਸ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜ਼ਰੂਰ ਭੁਗਤਣਾ ਪੈ ਸਕਦਾ ਹੈ । ਕਿਤੇ ਨਾ ਕਿਤੇ ਅਫ਼ਸਰਸ਼ਾਹੀ ਦੇ ਇਸ ਵਤੀਰੇ ਤੋਂ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ, ਸੀਨੀਅਰ ਆਗੂ ਤੇ ਵਰਕਰ ਵੀ ਬੇਹੱਦ ਖ਼ਫ਼ਾ ਵਿਖਾਈ ਦੇ ਰਹੇ ਹਨ । ਇੱਥੋਂ ਤੱਕ ਕਿ ਕਈ ਮਾਮਲਿਆਂ ਦੇ ਵਿੱਚ ਕਈ ਵਿਧਾਇਕਾਂ ਤੱਕ ਦੀ ਵੀ ਸੁਣਵਾਈ ਨਹੀਂ ਹੋ ਰਹੀ । ਪੁਲਿਸ ਵਿਭਾਗ, ਮਾਲ ਵਿਭਾਗ, ਪੰਚਾਇਤ ਵਿਭਾਗ ਜਾਂ ਜਿੰਨਾ ਹੋਰਨਾਂ ਵਿਭਾਗਾਂ ਦਾ ਆਮ ਲੋਕਾਂ ਦੇ ਨਾਲ ਸਿੱਧਾ ਰਾਬਤਾ ਹੈ, ਉਨ੍ਹਾਂ ਦੇ ਵਿੱਚ ਸਰਕਾਰ ਦੇ ਆਗੂਆਂ ਤੇ ਵਰਕਰਾਂ ਦੀ ਸੁਣਵਾਈ ਦਾ ਨਾ ਹੋਣਾ ਸੂਬਾ ਸਰਕਾਰ ਲਈ ਕਿਸੇ ਵੀ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ । ਆਪਣੇ ਸਹੀ ਤੇ ਰੋਜ਼ਮਰਾ ਦੇ ਕੰਮਾਂ-ਧੰਦਿਆਂ ਨੂੰ ਲੈ ਕੇ ਜੇਕਰ ਸੀਨੀਅਰ ਆਗੂਆਂ ਤੱਕ ਨੂੰ ਬਾਰ-ਬਾਰ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਹਿਣਾ ਪਵੇ ਤਾਂ ਹਾਲਾਤ ਕੀ ਹੋਣਗੇ, ਸਾਨੂੰ ਕਹਿਣ ਦੀ ਲੋੜ ਨਹੀਂ । ਪੰਜਾਬ ਦੇ ਕਈ ਖਿੱਤਿਆਂ ਦੇ ਅੰਦਰ ਪੁਲਿਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਮਨਮਰਜ਼ੀ ਹੌਲੀ-ਹੌਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜੜ੍ਹੀਂ ਤੇਲ ਦੇਣ ਦਾ ਕੰਮ ਕਰ ਰਹੀ ਹੈ । ਕਈ ਥਾਣਾ ਮੁਖੀਆਂ ਦੇ ਵੱਲੋਂ ਜਿਸ ਤਰ੍ਹਾਂ ਕਈ ਵੱਡੇ ਮਾਮਲਿਆਂ ਦੇ ਵਿੱਚ ਬੇਪ੍ਰਵਾਹੀ ਵਿਖਾਈ ਜਾ ਰਹੀ ਹੈ ਉਸ ਦੀ ਚਰਚਾ ਪਿੰਡਾਂ ਦੀਆਂ ਸੱਥਾਂ ਅੰਦਰ ਵੇਖੀ ਜਾ ਸਕਦੀ ਹੈ । ਵੱਖ-ਵੱਖ ਵਿਭਾਗਾਂ ਦੇ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਨਾ ਹੋਣਾ, ਇਸ ਗੱਲ ਦੀ ਆਪਣੇ ਆਪ ਦੇ ਵਿੱਚ ਉਦਾਹਰਨ ਹੈ ਕਿ ਆਮ ਲੋਕਾਂ ਨੂੰ ਆਪਣੇ ਕੰਮ-ਧੰਦੇ ਕਰਵਾਉਣ ਦੇ ਲਈ ਕਿਸ ਕਦਰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ । ਅਫ਼ਸਰਸ਼ਾਹੀ ਦੇ ਇਸ ਵਤੀਰੇ ਤੋਂ ਆਮ ਲੋਕ ਤਾਂ ਬੁਰੀ ਤਰ੍ਹਾਂ ਖਫ਼ਾ ਹਨ ਹੀ ਪਰ ਨਾਲ ਦੀ ਨਾਲ ਸੱਤਾਧਾਰੀ ਧਿਰ ਦੇ ਕਈ ਸੀਨੀਅਰ ਆਗੂ ਤੇ ਵਰਕਰ ਵੀ ਆਪਣੀ ਸੁਣਵਾਈ ਨਾ ਹੋਣ ਦੇ ਚਲਦਿਆਂ ਨਿਰਾਸਾ ਦੇ ਆਲਮ ਵਿੱਚ ਹਨ । ਇੱਕ ਸੀਨੀਅਰ ‘ਆਪ’ ਆਗੂ ਨੇ ਤਾਂ ਨਾਮ ਨਾ ਛਾਪਣ ਦੀ ਸ਼ਰਤ ‘ਤੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਾਡੀ ਸਰਕਾਰ ਤੋਂ ਸੂਬੇ ਦੀ ਅਫ਼ਸਰਸ਼ਾਹੀ ਨੂੰ ਕਾਬੂ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਾਡਾ ਭਾਰੀ ਨੁਕਸਾਨ ਤਹਿ ਹੈ । ਜਿਸ ਤੋਂ ਇਹ ਝਲਕਦਾ ਹੈ ਕਿ ਦਾਲ ਵਿੱਚ ਸਾਰਾ ਕੁਝ ਸਹੀ ਨਹੀਂ ਹੈ । ਵੇਖਣਾ ਹੋਵੇਗਾ ਕਿ ਹੁਣ ਸੂਬਾ ਸਰਕਾਰ ਇਸ ਅਹਿਮ ਮਸਲੇ ‘ਤੇ ਆਪਣਾ ਕਿੰਨਾ ਕੁ ਧਿਆਨ ਕੇਂਦਰਿਤ ਕਰਦੀ ਹੈ ।
ਪੰਜਾਬ ਦੇ ਅੰਦਰ ਕਈ ਵਿਭਾਗਾਂ ਦੀ ਅਫ਼ਸਰਸ਼ਾਹੀ ਤੋਂ ਬੁਰੀ ਤਰ੍ਹਾਂ ਖਫ਼ਾ ਹਨ ਆਮ ਲੋਕ
ਅਜੀਤ ਡੈਸਕ
22-06-2026