ਭਵਾਨੀਗੜ੍ਹ, 23 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਸਥਾਨਕ ਨਗਰ ਕੌਂਸਲ ਦੀ ਅੱਜ ਹੋ ਰਹੀ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਵਿਚ 7 ਕਾਂਗਰਸੀ ਕੌਂਸਲਰਾਂ ਦੇ ਹਾਜ਼ਰ ਹੋ ਜਾਣ ਅਤੇ ਇਕ ਸ਼੍ਰੋਮਣੀ ਅਕਾਲੀ ਦਲ ਅਤੇ ਆਪ ਦੇ 7 ਕੌਂਸਲਰਾਂ ਅਤੇ ਵਿਧਾਇਕਾਂ ਦੀ ਗੈਰ ਹਾਜ਼ਰੀ ’ਚ ਪ੍ਰਸਾਸ਼ਨ ਵਲੋਂ ਪ੍ਰਬੰਧਕੀ ਕਾਰਨਾਂ ਕਰਕੇ ਚੋਣ ਮੁਲਤਵੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸਾਸ਼ਨ ਵਲੋਂ ਅੱਜ 3 ਵਜੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਰਨ ਲਈ ਚੋਣ ਮੀਟਿੰਗ ਰੱਖੀ ਗਈ ਸੀ। ਇਸ ਦੌਰਾਨ ਪ੍ਰਸਾਸ਼ਨ ਵਲੋਂ ਵਿਧਾਇਕਾਂ ਸਮੇਤ ਆਪ ਦੇ 7 , ਕਾਂਗਰਸ ਦੇ 7 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਕੌਂਸਲਰ ਨੂੰ ਮੀਟਿੰਗ ਸਬੰਧੀ ਲਿਖ਼ਤੀ ਪੱਤਰ ਵੀ ਕੱਢੇ ਗਏ ਸਨ। ਇਸ ਚੋਣ ਨੂੰ ਲੈ ਕੇ ਕਰੀਬ 3 ਵਜੇ ਕਾਂਗਰਸ ਦੇ 7 ਕੌਂਸਲਰ ਜਿਨ੍ਹਾਂ ਵਿਚ ਅਮਰਪਾਲ ਸਿੰਘ ਤੂਰ, ਜਗਤਾਰ ਸਿੰਘ ਤੂਰ , ਰਜਨੀ ਸ਼ਰਮਾਂ, ਗੁਰਤੇਜ ਕੌਰ, ਬਲਕਾਰ ਸਿੰਘ, ਹਰਪ੍ਰੀਤ ਸਿੰਘ ਬਾਜਵਾ ਅਤੇ ਕਰਮਜੀਤ ਕੌਰ ਕੌਂਸਲ ਦੇ ਦਫ਼ਤਰ ਪਹੁੰਚ ਗਏ। ਪਰ ਸੱਤਾਧਾਰੀ ਪਾਰਟੀ ਦਾ ਕੋਈ ਵੀ ਕੌਂਸਲਰ , ਸ਼੍ਰੋਮਣੀ ਅਕਾਲੀ ਦਲ ਦਾ 1 ਕੌਂਸਲਰ ਅਤੇ ਵਿਧਾਇਕਾਂ ਸਮੇਂ ਅਨੁਸਾਰ ਮੀਟਿੰਗ ਵਿਚ ਹਾਜ਼ਰ ਨਾ ਹੋਏ। ਕੁਝ ਸਮੇਂ ਬਾਅਦ ਕਾਰਜ ਸਾਧਕ ਅਫ਼ਸਰ ਦੀਪਕ ਗੋਇਲ ਨੇ ਹਾਜ਼ਰ ਕੌਂਸਲਰਾਂ ਨੂੰ ਅੱਜ ਦੀ ਮੀਟਿੰਗ ਪ੍ਰਬੰਧਕੀ ਕਾਰਨਾਂ ਕਰਕੇ ਮੁਲਤਵੀ ਕਰਨ ਦੀ ਜਾਣਕਾਰੀ ਦਿੱਤੀ। ਮੀਟਿੰਗ ਮੁਲਤਵੀ ਹੋਣ ਨਾਲ ਸ਼ਹਿਰ ਵਿਚ ਸੱਤਾਧਾਰੀ ਪਾਰਟੀ ਵਲੋਂ ਆਪਣੇ ਕੌਂਸਲਰਾਂ ਨੂੰ ਭਰੋਸਾ ਵਿਚ ਨਾ ਲੈ ਕੇ ਪ੍ਰਧਾਨ ਅਤੇ ਮੀਤ ਪ੍ਰਧਾਨ ਬਣਾਉਣ ਸਬੰਧੀ ਫੈਸਲਾ ਨਾ ਹੋਣ ਦੀ ਚਰਚਾ ਜੋਰ ਫੜ ਗਈ। ਆਪ ਦੇ ਕੌਂਸਲਰਾਂ ਨਾਲ ਗੱਲ ਕਰਨ ਲਈ ਜਦੋਂ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮੋਬਾਈਲ ’ਤੇ ਗੱਲ ਕਰਨੀ ਮੁਨਾਸਬ ਨਾ ਸਮਝੀ। ਪਰ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਆਪ ਦੇ 3 ਆਗੂਆਂ ਵਿਚ ਇਸ ਪ੍ਰਧਾਨਗੀ ਨੂੰ ਲੈ ਕੇ ਹੋਈ ਖਿਚੋਤਾਣ ਕਾਰਨ ਅੱਜ ਕੌਂਸਲਰ ਹਾਜ਼ਰ ਨਹੀਂ ਹੋਏ। ਮੀਟਿੰਗ ਲਈ ਮੰਗਵਾਈ ਬਰਫ਼ੀ ਅਤੇ ਪਕੌੜੇ ਕਾਂਗਰਸੀ ਕੌਂਸਲਰਾਂ ਅਤੇ ਪੱਤਰਕਾਰਾਂ ਨੇ ਖ਼ਾਧੇ ।
ਕੀ ਕਹਿੰਦੇ ਹਨ ਕਾਂਗਰਸੀ ਕੌਂਸਲਰ
ਇਸ ਸਬੰਧੀ ਕਾਂਗਰਸੀ ਕੌਂਸਲਰ ਹਰਪ੍ਰੀਤ ਸਿੰਘ ਬਾਜਵਾ ਅਤੇ ਅਮਰਪਾਲ ਸਿੰਘ ਤੂਰ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਅਸੀਂ ਸ਼ਹਿਰ ਦੇ ਵਿਕਾਸ ਲਈ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਹੋ ਰਹੀ ਚੋਣ ਵਿਚ ਹਿੱਸਾ ਲੈਣ ਲਈ ਆਏ ਹਾਂ, ਪਰ ਸੱਤਾਧਾਰੀ ਪਾਰਟੀ ਦੀ ਵਿਧਾਇਕਾ ਸਮੇਤ ਕੋਈ ਵੀ ਕੌਂਸਲਰ ਨਾ ਪਹੁੰਚਿਆ ਅਤੇ ਪ੍ਰਸਾਸ਼ਨ ਨੇ ਵੀ ਮੀਟਿੰਗ ਰੱਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਨਗਰ ਕੌਂਸਲ ਦੇ ਕੌਂਸਲਰਾਂ ਵਿਚ ਸਹੀ ਤਾਲਮੇਲ ਨਾ ਹੋਣ ਕਾਰਨ ਪਿਛਲੀ ਟਰਮ ਵਾਲੀ ਪ੍ਰਧਾਨਗੀ ਵਿਚ ਸ਼ਹਿਰ ਦੇ ਬਹੁਤ ਕੰਮ ਅਧੂਰੇ ਰਹਿ ਗਏ, ਜਿਨ੍ਹਾਂ ਨੂੰ ਪੂਰੇ ਕਰਾਉਣ ਲਈ ਅਸੀਂ ਅੱਜ ਚੋਣ ਵਿਚ ਹਾਜ਼ਰ ਹੋਏ ਸੀ, ਪਰ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਨੂੰ ਦੋਸ਼ੀ ਠਹਿਰਾਉਣ ਵਾਲੇ ਆਪ ਆਗੂ ਨਾ ਤਾਂ ਆਪ ਹਾਜ਼ਰ ਹੋਏ ਅਤੇ ਨਾ ਹੀ ਕੌਂਸਲਰ ਹੀ ਆਏ , ਇਸ ਕਰਕੇ ਲੋਕਾਂ ਨੂੰ ਸ਼ਹਿਰ ਦੇ ਕੰਮਾਂ ਲਈ ਹੋਰ ਇੰਤਜਾਰ ਕਰਨਾ ਪਵੇਗਾ।
ਕਹਿੰਦੇ ਹਨ ਸਾਬਕਾ ਕੈਬਨਿਟ ਮੰਤਰੀ ਸਿੰਗਲਾ...
ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਆਪ ਦੀ ਮੌਜੂਦਾ ਸਰਕਾਰ ਹੋਣ ਕਾਰਨ ਆਪ ਦੇ ਕੌਂਸਲਰਾਂ ਵਿਚ ਪ੍ਰਧਾਨਗੀ ਨੂੰ ਲੈ ਕੇ ਲੱਗੀ ਦੌੜ, ਜਿਸ ਨੂੰ ਆਗੂਆਂ ਵਲੋਂ ਸਹਿਮਤੀ ਨਾ ਕਰਾ ਸਕਣ ਕਾਰਨ ਸਰਕਾਰ ਦੀ ਤਾਕਤ ਦੀ ਦੁਰਵਰਤੋਂ ਕਰਦਿਆਂ ਪ੍ਰਬੰਧਕੀ ਕਾਰਨਾਂ ਦਾ ਬਹਾਨਾ ਬਣਾ ਕੇ ਮੀਟਿੰਗ ਮੁਲਤਵੀ ਕਰਵਾ ਲਈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਹੋਣ ਦੇ ਬਾਵਜੂਦ ਇਨ੍ਹਾਂ ਕੋਲ 7 ਕੌਂਸਲਰ ਅਤੇ ਵਿਧਾਇਕਾ ਦੀ ਵੋਟ ਹੋਣ ਕਾਰਨ ਵੀ ਸਹਿਮਤੀ ਨਾ ਬਣਨਾ ਕਿਤੇ ਨਾ ਕਿਤੇ ਆਗੂਆਂ ਦੀ ਨਾਕਾਮੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਵਿਧਾਇਕਾ ਵਲੋਂ ਹਰ ਸਟੇਜ਼ ’ਤੇ ਮੇਰੇ (ਵਿਜੈ ਇੰਦਰ ਸਿੰਗਲਾ) ’ਤੇ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਰੋਕਣ ਦੇ ਦੋਸ਼ ਲਗਾਉਂਦੇ ਰਹੇ। ਹੁਣ ਪੂਰਾ ਕੋਰਮ ਹੋਣ ਦੇ ਬਾਵਜੂਦ ਵੀ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਨਾ ਕਰਾਉਣ ਸ਼ਹਿਰ ਵਾਸੀਆਂ ਦੇ ਵਿਕਾਸ ਕੰਮ ਕੌਣ ਰੋਕ ਰਿਹਾ ਹੈ? ਇਹ ਸਭ ਲੋਕਾਂ ਸਾਹਮਣੇ ਹੈ।
ਕੀ ਕਹਿੰਦੇ ਨੇ ਅਰਵਿੰਦ ਖੰਨਾ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਅਰਵਿੰਦ ਖੰਨਾ ਨੇ ਕਿਹਾ ਕਿ ਮੌਜੂਦਾ ਸਰਕਾਰ ਹੋਣ ਦੇ ਬਾਵਜੂਦ ਆਪ ਦੀ ਵਿਧਾਇਕਾ ਅਤੇ ਆਗੂਆਂ ਤੋਂ ਕੌਂਸਲਰਾਂ ਦਾ ਭੱਜ ਜਾਣਾ ਸਰਕਾਰ ਦੀ ਨਲਾਇਕੀ ਸਾਬਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਨੂੰ ਆਉਂਦੇ ਸਮੇਂ ਵਿਚ ਕੋਈ ਵੀ ਆਗੂ ਨਹੀਂ ਮਿਲਣਾ ਸਾਰਿਆਂ ਇਨ੍ਹਾਂ ਤੋਂ ਭੱਜ ਜਾਣਗੇ।
ਕੀ ਕਹਿੰਦੇ ਦੇ ਵਿਧਾਇਕਾ ਭਰਾਜ
ਵਿਧਾਇਕਾ ਨਰਿੰਦਰ ਕੌਰ ਭਰਾਜ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਸਾਡੇ ਸਾਰੇ ਕੌਂਸਲਰ ਸਾਡੇ ਨਾਲ ਹਨ, ਜਿਨ੍ਹਾਂ ਮੇਰੇ ਨਾਲ ਮੀਟਿੰਗ ਕਰਕੇ ਕਿਸੇ ਨੂੰ ਵੀ ਪ੍ਰਧਾਨਅਤੇ ਮੀਤ ਪ੍ਰਧਾਨ ਬਣਾਉਣ ’ਤੇ ਪੂਰੀ ਸਹਿਮਤੀ ਜਿਤਾਈ ਹੈ। ਪਰ ਪ੍ਰਸਾਸ਼ਨ ਨੂੰ ਕੋਈ ਸਮੱਸਿਆ ਆ ਜਾਣ ਕਾਰਨ ਅੱਜ ਮੀਟਿੰਗ ਮੁਲਤਵੀ ਕਰਨੀ ਪਈ ਹੈ।
ਭਵਾਨੀਗੜ੍ਹ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਮੁਲਤਵੀ
ਅਜੀਤ ਡੈਸਕ
23-06-2026