ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਫ਼ਾਈ ਅਤੇ ਸਟਰੀਟ ਲਾਈਟਾਂ ਦੇ ਮੁੱਦੇ ਹੋਣਗੇ ਲੌਂਗੋਵਾਲ ਦੇ ਪ੍ਰਧਾਨ ਬੀਬਾ ਢਿੱਲੋਂ ਲਈ ਮੁੱਖ ਚੁਣੌਤੀ

Ad Position 21
No active advertisement
ਅਜੀਤ ਡੈਸਕ 05-07-2026
ਲੌਂਗੋਵਾਲ, 4 ਜੁਲਾਈ (ਵਿਨੋਦ, ਖੰਨਾ) - ਲੌਂਗੋਵਾਲ ਨਗਰ ਕੌਂਸਲ ਲਈ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਬਹੁਮਤ ਪ੍ਰਾਪਤ ਕਰਨ ਉਪਰੰਤ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਪਿਛਲੇ ਦਿਨੀਂ ਬੀਬਾ ਰਛਪਾਲ ਕੌਰ ਢਿੱਲੋਂ ਪਤਨੀ ਬਲਵਿੰਦਰ ਸਿੰਘ ਢਿੱਲੋਂ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਭਾਵੇਂ ਬੀਬਾ ਰਛਪਾਲ ਕੌਰ ਢਿੱਲੋਂ ਦਾ ਪਰਿਵਾਰ ਕਾਫੀ ਸਮੇਂ ਤੋਂ ਰਾਜਨੀਤੀ ਨਾਲ ਜੁੜਿਆ ਹੋਇਆ ਹੈ ਬੀਬਾ ਜੀ ਖੁਦ ਪਿੰਡੀ ਢਿੱਲਵਾਂ ਦੇ ਸਰਪੰਚ ਰਹਿ ਚੁੱਕੇ ਹਨ ਅਤੇ ਐਤਕੀਂ ਇਹਨਾਂ ਦੇ ਸੱਸ ਮਾਤਾ ਅਮਰਜੀਤ ਕੌਰ ਵੀ ਕੌਂਸਲਰ ਚੁਣੇ ਗਏ ਹਨ। ਇਸ ਤੋਂ ਇਲਾਵਾ ਇਸ ਵਾਰ ਨਗਰ ਕੌਂਸਲ ਲੌਂਗੋਵਾਲ ਦੀਆਂ ਚੋਣਾਂ ਦੀ ਕਮਾਂਡ ਇਸੇ ਪਰਿਵਾਰ ਦੇ ਬਲਵਿੰਦਰ ਸਿੰਘ ਢਿੱਲੋਂ ਦੇ ਹੱਥ ਰਹੀ ਹੈ ਜਿਨ੍ਹਾਂ ਨੇ ਲੌਂਗੋਵਾਲ ਦੇ ਵਿਕਾਸ ਕਾਰਜਾਂ ਵਿਚ ਹੁਣ ਤੱਕ ਮੋਹਰੀ ਭੂਮਿਕਾ ਨਿਭਾਈ ਹੈ। ਢਿੱਲੋਂ ਪਰਿਵਾਰ ਦੇ ਸਿਰ ਪ੍ਰਧਾਨਗੀ ਦਾ ਤਾਜ਼ ਤਾਂ ਸਜ਼ ਗਿਆ ਹੈ ਪ੍ਰੰਤੂ ਲੌਂਗੋਵਾਲ ਵਿਚ ਸਫਲਤਾਪੂਰਵਕ ਪ੍ਰਧਾਨਗੀ ਚਲਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਉਂਝ ਵੀ ਲੌਂਗੋਵਾਲ ਨੂੰ ਲੀਡਰਾਂ ਦਾ ਪਿੰਡ ਮੰਨਿਆਂ ਜਾਂਦਾ ਹੈ ਅਤੇ ਇੱਥੇ ਪ੍ਰਧਾਨਗੀ ਕਰਨਾ ਟੇਢੀ ਖੀਰ ਹੈ। ਨਵੇਂ ਚੁਣੇ ਅਹੁਦੇਦਾਰਾਂ ਅਤੇ ਕੌਂਸਲਰਾਂ ਲਈ ਸਭ ਤੋਂ ਵੱਡੀ ਚੁਣੌਤੀ ਸਫ਼ਾਈ ਅਤੇ ਸਟਰੀਟ ਲਾਈਟਾਂ ਦਾ ਮੁੱਦਾ ਹੋਵੇਗਾ। ਇਥੇ ਥਾਂ ਥਾਂ ‘ਤੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੌਂਗੋਵਾਲ ਨਰਕ ਦਾ ਨਮੂਨਾ ਬਣਿਆ ਹੋਇਆ ਹੈ। ਸਾਧਨਾਂ ਦੀ ਘਾਟ ਕਾਰਨ ਕੂੜੇ ਦੀ ਢੋਆ ਢੋਆਈ ਅਤੇ ਪ੍ਰਬੰਧਨ ਦੀ ਵਿਵਸਥਾ ਪੂਰੀ ਤਰ੍ਹਾਂ ਨਾਲ ਚਰਮਰਾਈ ਹੋਈ ਹੈ। ਇਥੇ ਕਈ ਥਾਵਾਂ ਉਤੇ ਕੁੜੇ ਦੇ ਪੱਕੇ ਢੇਰ ਲੱਗਦੇ ਹਨ ਜੋਕਿ ਲੌਂਗੋਵਾਲ ਦੇ ਮੱਥੇ ਉੱਤੇ ਵੱਡਾ ਕਲੰਕ ਹਨ। ਇਥੇ ਬਣਿਆ ਸ਼ਾਨਦਾਰ ਬੱਸ ਸਟੈਂਡ ਮਿੰਨੀ ਏਅਰ ਪੋਰਟ ਦਾ ਭੁਲੇਖਾ ਪਾਉਂਦਾ ਹੈ ਅਤੇ ਇਸ ਦੀ ਸੁੰਦਰਤਾ ਨੂੰ ਬਰਕਰਾਰ ਰੱਖਣਾ ਵੀ ਚੁਣੌਤੀ ਹੋਵੇਗਾ। ਬੱਸ ਸਟੈਂਡ ਉਤੇ ਬਣੇ ਬਾਥਰੂਮ ਗੰਦਗੀ ਨਾਲ ਭਰੇ ਹੋਏ ਹਨ। ਜਾਣਕਾਰੀ ਅਨੁਸਾਰ ਇੱਥੇ ਪਹਿਲੇ ਪ੍ਰਧਾਨ ਪਰਮਿੰਦਰ ਕੌਰ ਬਰਾੜ ਨੇ ਇਕ ਸਫ਼ਾਈ ਸੇਵਿਕਾ ਦਾ ਨਿੱਜੀ ਤੌਰ ਤੇ ਇੰਤਜ਼ਾਮ ਕੀਤਾ ਹੋਇਆ ਸੀ। ਦੁੱਲਟ ਪੱਤੀ ਦੇ ਗੰਦੇ ਪਾਣੀ ਦੇ ਨਿਕਾਸ ਦਾ ਮੁੱਦਾ ਵੀ ਹੁਣ ਤੱਕ ਦੇ ਪ੍ਰਧਾਨਾਂ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਨਿਕਾਸੀ ਨਾਲਾ ਨਾ ਸਿਰਫ ਗੰਦਗੀ ਨਾਲ ਭਰਿਆ ਰਹਿੰਦਾ ਹੈ ਸਗੋਂ ਇਸਦੇ ਨਿਰਮਾਣ ਨਾਲ ਜੋਗੀਨਾਥਾਂ ਦੇ ਘਰਾਂ ਦਾ ਨੁਕਸਾਨ ਵੀ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਲੌਂਗੋਵਾਲ ਵਿਖੇ ਸਟਰੀਟ ਲਾਈਟਾਂ ਦਾ ਮੁੱਦਾ ਵੀ ਵੱਡੀ ਸਮੱਸਿਆ ਹੈ। ਰਾਤ ਹੁੰਦਿਆਂ ਹੀ ਲੌਂਗੋਵਾਲ ਸ਼ਹਿਰ ਘੁੱਪ ਹਨੇਰੇ ਵਿਚ ਤਬਦੀਲ ਹੋ ਜਾਂਦਾ ਹੈ। ਭਾਵੇਂ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਸਟਰੀਟ ਲਾਈਟ ਦੀ ਸਮੱਸਿਆ ਨੂੰ ਮੁੱਖ ਰੱਖ ਕੇ ਉਚੇਚੀ ਗਰਾਂਟ ਵੀ ਭੇਜੀ ਗਈ ਸੀ ਪ੍ਰੰਤੂ ਸਹੀ ਮਾਅਨਿਆਂ ਵਿਚ ਸਟਰੀਟ ਲਾਈਟਾਂ ਚਾਲੂ ਹੀ ਨਹੀਂ ਹੋ ਸਕੀਆਂ। ਲਾਏ ਗਏ ਖੰਭੇ ਮੂੰਹ ਚਿੜਾ ਰਹੇ ਹਨ। ਬੱਸ ਸਟੈਂਡ ਰੋਡ ਉਤੇ ਕੀਤੇ ਨਜਾਇਜ਼ ਕਬਜ਼ੇ ਅਤੇ ਲੌਂਗੋਵਾਲ ਨਗਰ ਕੌਂਸਲ ਦੇ ਦਫ਼ਤਰ ਵਿਚ ਸਟਾਫ ਦੀ ਘਾਟ ਵੀ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਹੈ। ਕਾਰਜ਼ ਸਾਧਕ ਅਫਸਰ, ਇੰਜਨੀਅਰਾਂ, ਕਲਰਕਾਂ ਅਤੇ ਹੋਰ ਕਾਮਿਆਂ ਦੀ ਘਾਟ ਕਾਰਨ ਲੋਕ ਗੇੜੇ ਮਾਰਨ ਲਈ ਮਜਬੂਰ ਹਨ। ਭਾਵੇਂ ਉਕਤ ਮੁੱਦਿਆਂ ਤੋਂ ਵੀ ਬੇਹੱਦ ਪ੍ਰਮੁੱਖ ਸਮੱਸਿਆ ਲੌਂਗੋਵਾਲ ਵਿਚ ਸਿਹਤ ਪ੍ਰਬੰਧਾਂ ਅਤੇ ਨਸ਼ੇ ਦੀ ਹੈ। ਹਸਪਤਾਲ ਦੀ ਵਧੀਆ ਇਮਾਰਤ ਪਹਿਲਾਂ ਤੋਂ ਮੌਜੂਦ ਹੈ ਅਤੇ ਵਿਸ਼ਾਲ ਇਮਾਰਤ ਉਸਾਰੀ ਅਧੀਨ ਵੀ ਹੈ ਪ੍ਰੰਤੂ ਨਵੀਆਂ ਇਮਾਰਤਾਂ ਦਾ ਤਦ ਹੀ ਫਾਇਦਾ ਹੋਵੇਗਾ ਜੇਕਰ ਇਨ੍ਹਾਂ ਵਿਚ ਡਾਕਟਰੀ ਅਮਲਾ, ਸਾਜ਼ੋ ਸਮਾਨ ਅਤੇ ਦਵਾਈਆਂ ਉਪਲਬਧ ਹੋਣਗੀਆਂ। ਸ਼ਹਿਰ ਵਿਚ ਨਸ਼ੇ ਦਾ ਪ੍ਰਕੋਪ ਦਿਨੋਂ ਦਿਨ ਵਧ ਰਿਹਾ ਹੈ ਇੱਕਲੇ ਇੱਕਲੇ ਪੁੱਤ ਮਰ ਰਹੇ ਹਨ। ਇਹ ਦੋਵੇਂ ਸਮੱਸਿਆਵਾਂ ਭਾਵੇਂ ਨਗਰ ਕੌਂਸਲ ਪ੍ਰਧਾਨ ਦੇ ਅਧਿਕਾਰ ਖੇਤਰ ਤੋਂ ਬਾਹਰ ਹਨ ਪ੍ਰੰਤੂ ਇਹਨਾਂ ਦੇ ਹੱਲ ਲਈ ਵੀ ਪ੍ਰਧਾਨ ਨੂੰ ਸਰਕਾਰ ਨਾਲ ਤਾਲਮੇਲ ਕਰਨਾ ਹੋਵੇਗਾ। ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਬੀਬਾ ਰਛਪਾਲ ਕੌਰ ਢਿੱਲੋਂ ਨੇ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਕਹਿਣਾ ਹੈ ਕਿ ਆਪ ਸਰਕਾਰ ਦੇ ਚਾਰ ਸਾਲ ਦੇ ਕਾਰਜ਼ਕਾਲ ਦੌਰਾਨ ਉਹਨਾਂ ਨੇ ‘ਰਾਜਨੀਤੀ ਵਿਚ ਚੰਮ ਨਹੀਂ ਸਗੋਂ ਕੰਮ ਪਿਆਰਾ ਹੋਣਾ ਚਾਹੀਦਾ’ ਦੇ ਸਿਧਾਂਤ ਨਾਲ ਕੰਮ ਕੀਤਾ ਹੈ। ਅਸੀਂ ਵੀ ਇਸੇ ਸਿਧਾਂਤ ਉਤੇ ਡਟ ਕੇ ਪਹਿਰਾ ਦੇਵਾਂਗੇ। ਉਹਨਾਂ ਕਿਹਾ ਕਿ ਜਦੋਂ ਨੀਤ ਅਤੇ ਨੀਤੀ ਸਾਫ ਹੋਵੇ ਤਾਂ ਵੱਡੀ ਤੋਂ ਵੱਡੀ ਚੁਣੌਤੀ ਨੂੰ ਅਸਾਨੀ ਨਾਲ ਪਾਰ ਕੀਤਾ ਜਾ ਸਕਦਾ ਹੈ। ਬਲਵਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਅਸੀਂ ਰਾਜਨੀਤੀ ਕਰਨ ਨਹੀਂ ਸਗੋਂ ਸੇਵਾ ਕਰਨ ਆਏ ਹਾਂ। ਕੰਮ ਚਾਹੇ ਕਿੰਨਾ ਵੀ ਵੱਡਾ ਹੋਵੇ ਅਤੇ ਮਸਲਾ ਕਿੰਨਾ ਵੀ ਗੰਭੀਰ ਹੋਵੇ ਸਾਡੇ ਵਲੋਂ ਕੋਸ਼ਿਸ਼ ਦੀ ਕਮੀ ਨਹੀਂ ਰਹੇਗੀ। ਅਸੀਂ ਕੰਮ ‘ਚ ਪਹਿਲਾਂ ਵੀ ਕਸਰ ਨਹੀਂ ਛੱਡੀ ਅਤੇ ਹੁਣ ਦੁੱਗਣੀ ਤਾਕਤ ਨਾਲ ਕੰਮ ਕਰਨ ਲਈ ਤਿਆਰ ਹਾਂ। ਆਉਣ ਵਾਲੇ ਸਮੇਂ ਵਿੱਚ ਲੌਂਗੋਵਾਲ ਨੂੰ ਸਾਫ ਸੁਥਰਾ ਅਤੇ ਹਰਾ ਭਰਾ ਬਣਾਉਣ ਤੋਂ ਇਲਾਵਾ ਹਰ ਮੁੱਦੇ ‘ਤੇ ਇਮਾਨਦਾਰੀ ਨਾਲ ਕੰਮ ਕਰਨਾ ਉਹਨਾਂ ਦੀ ਤਰਜ਼ੀਹ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲੇ ਤੋਂ ਆਉਂਦੀ ਸਬਜ਼ੀ ਮੰਡੀ ਸੰਗਰੂਰ ਦੇ ਆੜ੍ਹਤੀਆਂ ਦਾ ਕਾਰੋਬਾਰ ਹੋ ਰਿਹਾ ਹੈ ਬੁਰੀ ਤਰ੍ਹਾਂ ਪ੍ਰਭਾਵਿਤ ਅਗਲੀ ਖ਼ਬਰ ਔਰਤਾਂ ਦੀ ਆਰਥਿਕ ਮਜ਼ਬੂਤੀ ਨਾਲ ਸਮਾਜ ਵਿੱਚ ਨਵੀਂ ਸ਼ੁਰੂਆਤ ਹੋਵੇਗੀ-ਚੀਮਾ
Ad Position 24
No active advertisement