ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਕਾਂਗਰਸ ਪਾਰਟੀ ਦੀ ਆਪਸੀ ਧੜੇਬੰਦੀ ਤੋਂ ਆਮ ਵਰਕਰ ਨਿਰਾਸ਼

Ad Position 21
No active advertisement
ਅਜੀਤ ਡੈਸਕ 05-07-2026
ਬਰਗਾੜੀ, 4 ਜੁਲਾਈ (ਲਖਵਿੰਦਰ ਸ਼ਰਮਾ)=ਕਾਂਗਰਸ ਪਾਰਟੀ ਦੀ ਅੰਦਰੂਨੀ ਧੜੇਬੰਦੀ ਤੋਂ ਹੇਠਲੇ ਪੱਧਰ ਦਾ ਆਮ ਵਰਕਰ ਬਹੁਤ ਨਿਰਾਸ਼ ਹੈ। ਇਹ ਆਮ ਹੀ ਹੈ ਕਿ ਕਰੀਬ ਹਰ ਪਾਰਟੀ ਦਾ ਆਮ ਵਰਕਰ ਆਪਣੀ ਪਾਰਟੀ ਦੀ ਕਾਮਯਾਬੀ ਲਈ ਪੂਰੀ ਮਿਹਨਤ ਕਰਦਾ ਹੈ ਪ੍ਰੰਤੂ ਕਈ ਵਾਰ ਵੱਡੇ ਲੀਡਰ ਪਾਰਟੀ ਹਿੱਤਾਂ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਪਾਰਟੀ ਬਦਲ ਜਾਂਦੇ ਹਨ। ਹਰ ਪਾਰਟੀ ਦਾ ਆਮ ਵਰਕਰ ਹਮੇਸ਼ਾ ਆਪਣੀ ਪਾਰਟੀ ਲਈ ਲੋਕਾਂ ਨਾਲ ਲੜਦਾ ਝਗੜਦਾ ਰਹਿੰਦਾ ਹੈ ਪ੍ਰੰਤੂ ਵੱਡੇ ਲੀਡਰ ਆਪਣੇ ਨਿੱਜੀ ਹਿੱਤਾਂ ਲਈ ਆਪਣੇ ਵਰਕਰਾਂ ਨੂੰ ਪੁੱਛੇ ਬਿਨਾਂ ਹੀ ਪਾਰਟੀ ਛੱਡ ਜਾਂਦੇ ਹਨ। ਕਈ ਵਾਰ ਪਾਰਟੀਆਂ ਆਪਣੇ ਹਲਕਾ ਇੰਚਾਰਜ ਨਿਯੁਕਤ ਕਰ ਦਿੰਦੀਆਂ ਹਨ ਅਤੇ ਇਹ ਹਲਕਾ ਇੰਚਾਰਜ ਲੰਮਾਂ ਸਮਾਂ ਆਪਣੇ ਵਰਕਰਾਂ ਲਈ ਵਿਰੋਧੀਆਂ ਨਾਲ ਲੜਦੇ ਰਹਿੰਦੇ ਹਨ ਅਤੇ ਆਪਣੇ ਵਰਕਰਾਂ ਦੇ ਦੁੱਖ ਸੁਖ ਵਿਚ ਸ਼ਰੀਕ ਹੁੰਦੇ ਹਨ ਪ੍ਰੰਤੂ ਚੋਣਾਂ ਨੇੜੇ ਆੳਂੁਦਿਆਂ ਹੀ ਇਹ ਪਾਰਟੀਆਂ ਨਵੇਂ ਲੀਡਰਾਂ ਨੂੰ ਸ਼ਹਿ ਦੇ ਕੇ ਹਲਕਿਆਂ ਵਿਚ ਵਾੜ ਦਿੰਦੀਆਂ ਹਨ ਜਿਸ ਨਾਲ ਨਿਯੁਕਤ ਹਲਕਾ ਇੰਚਾਰਜਾਂ ਅਤੇ ਪਾਰਟੀ ਦੇ ਵਰਕਰਾਂ ਵਿਚ ਨਿਰਾਸ਼ਾ ਪ੍ਰਗਟ ਹੁੰਦੀ ਹੈ ਅਤੇ ਕਈ ਵਾਰ ਅਜਿਹੀਆਂ ਨੀਤੀਆਂ ਪਾਰਟੀ ਲਈ ਨੁਕਸਾਨ ਦੇਹ ਸਾਬਤ ਹੁੰਦੀਆਂ ਹਨ। ਕਾਂਗਰਸ ਪਾਰਟੀ ਦੀ ਹੁਣ ਚੱਲ ਰਹੀ ਧੜੇਬੰਦੀ ਸਬੰਧੀ ਬਹੁਤ ਸਾਰੇ ਆਮ ਵਰਕਰਾਂ ਨੇ ਆਪਣੀ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਵਿਚ ਧੜੇਬੰਦੀ ਨਾ ਹੁੰਦੀ ਤਾਂ ਆਮ ਆਦਮੀ ਪਾਰਟੀ ਦੀ ਥਾਂ ਕਾਂਗਰਸ ਪਾਰਟੀ ਦੀ ਹੀ ਸਰਕਾਰ ਹੋਣੀ ਸੀ ਅਤੇ ਹੁਣ ਵੀ ਜੇਕਰ ਧੜੇਬੰਦੀ ਖਤਮ ਕਰਕੇ ਸਾਰੇ ਲੀਡਰ ਆਪਣੇ ਨਿੱਜੀ ਹਿੱਤ ਤਿਆਗ ਕੇ ਇਕੱਠੇ ਹੋ ਕੇ ਕੰਮ ਕਰਨ ਤਾਂ 2027 ਵਿਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣ ਸਕਦੀ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਜਦੋਂ ਪਾਰਟੀ ਦੀ ਹਾਲਤ ਬਹੁਤ ਪਤਲੀ ਸੀ ਤਾਂ ਕੋਈ ਲੀਡਰ ਪ੍ਰਧਾਨ ਬਣਨ ਨੂੰ ਤਿਆਰ ਨਹੀਂ ਸੀ ਅਤੇ ਪਾਰਟੀ ਦੇ ਸਭ ਤੋਂ ਮਾੜੇ ਸਮੇਂ ਵਿਚ ਰਾਜਾ ਵੜਿੰਗ ਨੇ ਪਾਰਟੀ ਦੀ ਕਮਾਨ ਸੰਭਾਲ ਕੇ ਪਾਰਟੀ ਨੂੰ ਮਜ਼ਬੂਤ ਕਰਕੇ ਹੁਣ ਤੱਕ ਪਾਰਟੀ ਨੂੰ ਜਿੰਦਾ ਰੱਖਿਆ ਹੈ। ਰਾਜਾ ਵੜਿੰਗ ਨੇ ਪਾਰਟੀ ਦੀ ਮਜ਼ਬੂਤੀ ਲਈ ਸੱਤਾਧਾਰੀ ਧਿਰ ਅਤੇ ਦੂਸਰੇ ਵਿਰੋਧੀਆਂ ਦਾ ਡਟ ਕੇ ਵਿਰੋਧ ਕੀਤਾ ਅਤੇ ਸੱਤਾਧਾਰੀ ਧਿਰ ਵਲੋਂ ਕਾਂਗਰਸੀ ਵਰਕਰਾਂ ਨਾਲ ਕੀਤੀ ਹਰ ਤਰਾਂ ਦੀ ਧੱਕੇਸ਼ਾਹੀ ਦਾ ਪੂਰੀ ਤਨਦੇਹੀ ਨਾਲ ਮੁਕਾਬਲਾ ਕੀਤਾ। ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਚੰਨੀ ਦੀ ਤਿੰਨ ਮਹੀਨੇ ਦੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਸਨ ਅਤੇ ਪੰਜਾਬ ਦੇ ਲੋਕ ਅੱਜ ਵੀ ਚੰਨੀ ਸਰਕਾਰ ਚਾਹੁੰਦੇ ਹਨ। ਜੇਕਰ ਕਾਂਗਰਸ ਹਾਈ ਕਮਾਨ ਅੱਜ ਚੰਨੀ ਨੂੰ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਵੇ ਤਾਂ ਚੰਨੀ ਦੀ ਅਗਵਾਈ ਹੇਠ ਹੁਣ ਵੀ 2027 ਵਿਚ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ। ਕੁਝ ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਫਿਰ ਤੋਂ ਪੁਰਾਣੇ ਸ਼ੇਰ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਵਿਚ ਸ਼ਾਮਿਲ ਕਰਕੇ ਪਾਰਟੀ ਦੀ ਵਾਂਗਡੋਰ ਸੰਭਾਲੀ ਜਾਵੇ ਤਾਂ ਪਾਰਟੀ ਦੀ ਧੜੇਬੰਦੀ ਵੀ ਖਤਮ ਹੋ ਸਕਦੀ ਹੈ ਅਤੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਫਿਰ ਤੋਂ ਸਰਕਾਰ ਬਣ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਪੁਰਾਣੇ ਕਾਂਗਰਸੀ ਹਨ ਅਤੇ ਉਨ੍ਹਾਂ ਨੂੰ ਲੰਮਾਂ ਤਜਰਬਾ ਹੈ। ਉਹ ਆਪਣੇ ਲੰਮੇ ਤਜਰਬੇ ਨਾਲ ਕਾਂਗਰਸ ਵਿਚੋਂ ਧੜੇਬੰਦੀ ਖਤਮ ਕਰ ਸਕਦੇ ਹਨ। ਆਮ ਵਰਕਰਾਂ ਦੀ ਦਿਲੀ ਤਮੰਨਾ ਹੈ ਕਿ ਕਿਸੇ ਵੀ ਤਰਾਂ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਇੱਕਠੇ ਹੋ ਕੇ ਚੱਲਣ ਤਾਂ ਪੰਜਾਬ ਵਿਚ ਕਾਂਗਰਸ ਪਾਰਟੀ ਫਿਰ ਤੋਂ ਮਜ਼ਬੂਤ ਹੋ ਸਕਦੀ ਹੈ। ਕਾਂਗਰਸ ਹਾਈਕਮਾਨ ਦੀ ਸੀਨੀਅਰ ਲੀਡਰਸ਼ਿਪ ਨੂੰ ਸਮੂਹ ਲੀਡਰਾਂ ਨਾਲ ਮੁੜ ਤੋਂ ਗੱਲਬਾਤ ਕਰਕੇ ਕਾਂਗਰਸ ਨੂੰ ਰਾਜਾ ਵੜਿੰਗ ਅਤੇ ਚੰਨੀ ਦੇ ਧੜਿਆਂ ਵਿਚੋਂ ਕੱਢ ਕੇ ਅਜਿਹੀ ਰਣਨੀਤੀ ਬਣਾਉਣੀ ਚਾਹੀਦੀ ਹੈ ਕਿ ਸਾਰੇ ਲੀਡਰ ਇਕੱਠੇ ਹੋ ਕੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਕੰਮ ਕਰਨ ਤਾਂ ਕਿ ਪੰਜਾਬ ਦਾ ਆਮ ਵਰਕਰ ਵੀ ਪੂਰੇ ਉਤਸ਼ਾਹ ਨਾਲ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਤੋਂ ਸ੍ਰੀ ਅਮਰਨਾਥ ਧਾਮ ਲਈ ਬੱਸ ਯਾਤਰਾ ਰਵਾਨਾ ਅਗਲੀ ਖ਼ਬਰ ਜ਼ਿਲ੍ਹਾ ਯੂਥ ਅਫ਼ਸਰ ਵਲੋਂ ਸੰਕਲਪ ਸੁਸਾਇਟੀ ਦਾ ਸਨਮਾਨ
Ad Position 24
No active advertisement