ਸੁਨਾਮ ਊਧਮ ਸਿੰਘ ਵਾਲਾ, 11 ਜੁਲਾਈ (ਭੁੱਲਰ, ਧਾਲੀਵਾਲ)–ਵਾਰਾਨਸੀ ਵਿਖੇ ਹੋਏ ਇਕ ਸਮਾਗਮ ਦੌਰਾਨ ਸਥਾਨਕ ਹਨੂੰਮਾਨ ਰੋਲਰ ਫਲੋਰ ਮਿਲ ਨੇ ਡਬਲਯੂ.ਪੀ.ਪੀ.ਐਸ. ਸੀ.ਈ.ਓਜ਼ ਕਨਕਲੇਵ-2026 ਵਿਚ ਅਹਿਮ ਸਨਮਾਨ ਪ੍ਰਾਪਤ ਕਰਕੇ ਇਲਾਕੇ ਲਈ ਇਕ ਅਹਿਮ ਉਪਲਬਧੀ ਪ੍ਰਾਪਤੀ ਕਰਕੇ ਸੂਬੇ ਦੀ ਪਹਿਲੀ ਫਲੋਰ ਮਿਲ ਬਣ ਗਈ ਹੈ। ਇਸ ਸਬੰਧੀ ਹੋਏ ਸਨਮਾਨ ਸਮਾਰੋਹ ਵਿੱਚ ਰਵਿੰਦਰ ਜੈਸਵਾਲ ਰਾਜ ਮੰਤਰੀ ਸਟੈਂਪ ਅਤੇ ਕੋਰਟ ਫੀ ਐਂਡ ਰਜਿਸਟ੍ਰੇਸ਼ਨ ਵਿਭਾਗ ਉੱਤਰ ਪ੍ਰਦੇਸ਼ ਸਰਕਾਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਜਿਕਰਯੋਗ ਹੈ ਕਿ ਡਬਲਯੂ.ਪੀ.ਪੀ.ਐਸ. ਸੀ.ਈ.ਓਜ਼ ਕਨਕਲੇਵ-2026 ਭਾਰਤ ਦੇ ਕਣਕ ਅਤੇ ਕਣਕ ਉਤਪਾਦ ਉਦਯੋਗ ਦੇ ਪ੍ਰਮੁੱਖ ਮੰਚਾਂ ਚੋਂ ਇਕ ਹੈ ਅਤੇ ਇਸ ਸਮਾਗਮ ਵਿੱਚ ਦੇਸ਼ ਭਰ ਤੋਂ ਉਦਯੋਗ ਦੇ ਆਗੂਆਂ, ਮਿਲ ਮਾਲਕਾਂ, ਨੀਤੀ ਨਿਰਧਾਰਕਾਂ ਅਤੇ ਖਾਦ ਖੇਤਰ ਦੇ ਮਾਹਿਰਾਂ ਨੇ ਭਾਗ ਲਿਆ।ਹਨੂੰਮਨ ਰੋਲਰ ਫਲੋਰ ਮਿਲ ਸੁਨਾਮ ਦੇ ਡਾਇਰੈਕਟਰ ਪਵਿੱਤਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੀ ਮਿਲ ਪੰਜਾਬ ਵਿਚ ਫੂਡ ਫੋਰਟੀਫਿਕੇਸ਼ਨ ਅਤੇ ਪੋਸ਼ਣ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਉਹਨਾਂ ਕਿਹਾ ਕਿ ਮਿਲ ਵੱਲੋਂ ਉੱਚ ਗੁਣਵਤਾ ਵਾਲੀ ਕਣਕ ਦੀ ਚੋਣ ਕਰਕੇ ਅਤੇ ਪ੍ਰੰਪਰਾਗਤ ਚੱਕੀ ਪਿਸਾਈ ਪ੍ਰਕਿਰਿਆ ਜਰੀਏ ਫੋਰਟੀਫਾਈਡ ਆਟਾ ਤਿਆਰ ਕੀਤਾ ਜਾਂਦਾ ਹੈ। ਜਿਸ ਨਾਲ ਕਣਕ ਦੀ ਕੁਦਰਤੀ ਗੁਣਵਤਾ ਅਤੇ ਪੋਸ਼ਣ ਮੁੱਲ ਨੂੰ ਬਰਕਰਾਰ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਫੋਰਟੀਫਾਈਡ ਆਟਾ ਆਇਰਨ, ਫੋਲਿਕ ਐਸਿਡ ਅਤੇ ਵਿਟਾਮਿਨ ਬੀ-12 ਵਰਗੇ ਜ਼ਰੂਰੀ ਸੁਖਸ਼ਮ ਪੋਸ਼ਕ ਤੱਤਾਂ ਨਾਲ ਭਰਪੂਰ ਹੈ, ਜਿਸ ਕਾਰਨ ਇਹ ਉਪਭੋਗਤਾਵਾਂ ਲਈ ਇੱਕ ਪੌਸ਼ਟਿਕ ਅਤੇ ਸਿਹਤਮੰਦ ਚੋਣ ਬਣਦਾ ਹੈ ਅਤੇ ਨਾਲ ਹੀ ਇਹ ਪਹਿਲ ਸੁਖਸ਼ਮ ਪੋਸ਼ਕ ਤੱਤਾਂ ਦੀ ਘਾਟ ਨੂੰ ਘਟਾਉਣ ਅਤੇ ਸਮਾਜ ਵਿੱਚ ਬਿਹਤਰ ਪੋਸ਼ਣ ਨਤੀਜਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਿਲ ਵਿੱਚ ਤਿਆਰ ਕੀਤਾ ਜਾਣ ਵਾਲਾ ਇਹ ਫੋਰਟੀਫਾਈਡ ਆਟਾ ਐਫ.ਐਸ.ਐਫ.ਏ.ਆਈ. ਦੇ ਫੂਡ ਫੋਰਟੀਫਿਕੇਸ਼ਨ ਨਿਯਮ-2018 ਦੇ ਸਾਰੇ ਮਾਪਦੰਡਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹੈ ਅਤੇ ਇਸ ਉਤਪਾਦ ਦਾ ਉਦੇਸ਼ ਲੋਕਾਂ ਦੇ ਰੋਜ਼ਾਨਾ ਭੋਜਨ ਵਿੱਚ ਬਿਨ੍ਹਾਂ ਕਿਸੇ ਬਦਲਾਅ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਖੁਰਾਕ ਉਪਲਬਧ ਕਰਵਾ ਕੇ ਜਨ ਸਿਹਤ ਵਿੱਚ ਸੁਧਾਰ ਲਿਆਉਣਾ ਹੈ। ਇਸ ਪ੍ਰਾਪਤੀ ‘ਤੇ ਹਨੂੰਮਨ ਰੋਲਰ ਫਲੋਰ ਮਿਲ ਦੇ ਡਾਇਰੈਕਟਰ ਪਵਿੱਤਰ ਸਿੰਗਲਾ ਨੇ ਇਸ ਸਨਮਾਨ ਲਈ ਧੰਨਵਾਦ ਕਰਦਿਆਂ ਉੱਚ ਗੁਣਵੱਤਾ ਵਾਲੇ ਫੋਰਟੀਫਾਈਡ ਆਟੇ ਦੇ ਉਤਪਾਦਨ ਦੇ ਨਾਲ-ਨਾਲ ਪੰਜਾਬ ਨੂੰ ਹੋਰ ਸਿਹਤਮੰਦ ਅਤੇ ਪੋਸ਼ਿਤ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਡਬਲਯੂ.ਪੀ.ਪੀ.ਐਸ. ਸੀ.ਈ.ਓਜ਼ ਕਨਕਲੇਵ 2026 ਵਿੱਚ ਮਿਲਿਆ ਇਹ ਸਨਮਾਨ ਨਾਂ ਸਿਰਫ਼ ਹਨੂੰਮਨ ਰੋਲਰ ਫਲੋਰ ਮਿਲ ਲਈ ਹੀ ਨਹੀਂ, ਸਗੋਂ ਪੂਰੇ ਪੰਜਾਬ ਦੇ ਕਣਕ ਉਦਯੋਗ ਲਈ ਵੀ ਇੱਕ ਮਹੱਤਵਪੂਰਨ ਮੀਲ ਪੱਥਰ ਹੈ।