07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸੰਗਰੂਰ ਸ਼ਹਿਰ ਵਿੱਚ ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਦੌਰਾਨ ਨਗਰ ਕੌਂਸਲ ਪ੍ਰਾਈਵੇਟ ਤੌਰ ਉੱਤੇ ਚੁਕਵਾਏਗੀ ਕੂੜੇ ਦੇ ਢੇਰ

Ad Position 21
No active advertisement
ਅਜੀਤ ਡੈਸਕ 16-07-2026
ਸੰਗਰੂਰ, 15 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) – ਨਗਰ ਕੌਂਸਲ ਸੰਗਰੂਰ ਦੇ ਸਫਾਈ ਸੇਵਕਾਂ ਦੀ ਕੰਮ ਛੋੜੂ ਹੜਤਾਲ ਦੇ 8 ਵੇਂ ਦਿਨ ਉਸ ਵੇਲੇ ਵੱਡਾ ਮੋੜ ਆਇਆ ਜਦ ਹਾਊਸ ਦੀ ਮੀਟਿੰਗ ਦੌਰਾਨ ਸਰਵਸੰਮਤੀ ਨਾਲ ਕਾਰਜਸਾਧਕ ਅਫਸਰ ਅਤੇ ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੂੰ ਇਹ ਅਧਿਕਾਰ ਦੇ ਦਿੱਤਾ ਗਿਆ ਕਿ ਉਹ ਆਪਣੇ ਪੱਧਰ ਉੱਤੇ ਪ੍ਰਾਈਵੇਟ ਲੇਬਰ ਦੀ ਮਦਦ ਨਾਲ ਸ਼ਹਿਰ ਦੀ ਮੁੱਖ ਸ਼ੜਕਾਂ ਤੋਂ ਕੂੜਾ ਉੱਠਵਾ ਦੇਣ। ਜਦ ਇਸ ਫੈਸਲੇ ਦੀ ਭਿਣਕ ਬਾਹਰ ਰੈਲੀ ਕਰ ਰਹੇ ਸਫਾਈ ਸੇਵਕਾਂ ਨੂੰ ਮਿਲੀ ਤਾਂ ਉਹ ਹਾਊਸ ਦੀ ਮੀਟਿੰਗ ਵਿੱਚ ਹੀ ਪੁੱਜ ਗਏ। ਕੌਸਲਰਾਂ ਨੇ ਸਫਾਈ ਸੇਵਕਾਂ ਨੂੰ ਇਹ ਕਹਿ ਕੇ ਸ਼ਾਂਤ ਕਰਵਾਉਣ ਦਾ ਯਤਨ ਕੀਤਾ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਅਤੇ ਹਾਈ ਕੋਰਟ ਤੋਂ ਮੰਗੀ ਰਿਪੋਰਟ ਦੇ ਆਧਾਰ ਉੱਤੇ ਹੀ ਉਹ ਇਹ ਕਾਰਵਾਈ ਕਰਨ ਦੀ ਸਹਿਮਤੀ ਦੇ ਰਹੇ ਹਨ। ਇਸ ਉਪਰੰਤ ਭਾਰਤ ਬੇਦੀ ਅਤੇ ਅਜੈ ਬੇਦੀ ਦੀ ਅਗਵਾਈ ਹੇਠ ਸਫਾਈ ਸੇਵਕਾਂ ਦੀ ਕਾਰਜਸਾਧਕ ਅਫਸਰ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਵਿੱਚ ਕਾਰਜਸਾਧਕ ਅਫਸਰ ਸਫਾਈ ਸੇਵਕਾਂ ਨੂੰ ਮਾਨਯੋਗ ਹਾਈਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਰਹੇ ਕਿ ਕੂੜਾ ਚੁਕਵਾਉਣ ਦੇ ਹੁਕਮ ਅਦਾਲਤ ਦੇ ਹਨ ਅਤੇ ਉਨ੍ਹਾਂ ਆਉਂਦੇ ਸੋਮਵਾਰ ਨੂੰ ਆਪਣੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨੀ ਹੈ। ਮੀਟਿੰਗ ਉਪਰੰਤ ਸਫਾਈ ਸੇਵਕਾਂ ਦੇ ਆਗੂ ਅਜੈ ਬੇਦੀ ਨੇ ਸੱਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇ ਪ੍ਰਸ਼ਾਸਨ ਨੇ ਜਬਰੀ ਕੂੜਾ ਚੁੱਕਵਾਇਆ ਤਾਂ ਉਹ ਉਸ ਦਾ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਜੇ ਅਜਿਹਾ ਹੋਇਆ ਤਾਂ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਐਸ.ਡੀ.ਐਮ. ਸੰਗਰੂਰ ਦੀ ਕੋਠੀਆਂ ਬਾਹਰ ਕੂੜੇ ਦੇ ਢੇਰ ਲਗਾ ਦੇਣਗੇ। ਹਾਈ ਕੋਰਟ ਦੇ ਹੁਕਮਾਂ ਦੇ ਕਾਰਜ ਸਾਧਕ ਅਫਸਰ ਵੱਲੋਂ ਦਿੱਤੇ ਜਾ ਰਹੇ ਹਵਾਲੇ ਉੱਪਰ ਵੀ ਆਪਣਾ ਪ੍ਰਤੀਕ੍ਰਮ ਪ੍ਰਗਟਾਉਂਦਿਆਂ ਅਜੈ ਬੇਦੀ ਨੇ ਕਿਹਾ ਕਿ ਮਾਨਯੋਗ ਅਦਾਲਤ ਤਾਂ ਇਹ ਵੀ ਕਹਿ ਰਹੀ ਹੈ ਕਿ ਕੱਚੇ ਕਾਮੇ ਪੱਕੇ ਕਰੋ, ਮੁਲਾਜਮਾਂ ਨੂੰ ਡੀ.ਏ. ਦੀ ਕਿਸ਼ਤ ਦਿੱਤੀ ਜਾਵੇ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਪਰ ਪ੍ਰਸ਼ਾਸਨ ਇਨ੍ਹਾਂ ਹੁਕਮਾਂ ਉੱਪਰ ਅਮਲ ਕਿਉਂ ਨਹੀਂ ਕਰ ਰਿਹਾ । ਕਾਰਜਸਾਧਕ ਅਫਸਰ ਨਗਰ ਕੌਂਸਲ ਨੇ ਕਿਹਾ ਕਿ ਉਹ ਹਰ ਹਾਲਤ ਵਿੱਚ ਅਦਾਲਤ ਅਤੇ ਡਿਪਟੀ ਕਮਿਸਨਰ ਦੇ ਹੁਕਮਾਂ ਨੂੰ ਲਾਗੂ ਕਰਵਾਉਣਗੇ ਅਤੇ ਪ੍ਰਾਈਵੇਟ ਲੇਬਰ ਰਾਹੀ ਕੂੜਾ ਚੁਕਵਾਉਣਗੇ। ਉਨ੍ਹਾਂ ਕਿਹਾ ਕਿ ਟਰਾਲੀਆਂ ਆਦਿ ਦਾ ਪ੍ਰਬੰਧ ਪ੍ਰਧਾਨ ਨਗਰ ਕੌਸਲ ਭੁਪਿੰਦਰ ਸਿੰਘ ਨਹਿਲ ਕਰ ਰਹੇ ਹਨ ਅਤੇ ਨਗਰ ਕੌਂਸਲ ਕਿਸੇ ਵੀ ਸਮੇਂ ਕਾਰਵਾਈ ਨੂੰ ਅਮਲ ਵਿੱਚ ਲਿਆ ਸਕਦੀ ਹੈ। ਹੁਣ ਦੇਖਣਾ ਇਹ ਹੈ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕੂੜਾ ਚੁਕਵਾਉਣ ਦੌਰਾਨ ਸਫਾਈ ਸੇਵਕਾਂ ਦੇ ਕੀਤੇ ਜਾਣ ਵਾਲੇ ਸੰਭਾਵੀ ਵਿਰੋਧ ਦਾ ਕੀ ਨਤੀਜਾ ਨਿਕਲੇਗਾ ਕਿਉਂਕਿ ਕਾਰਜਸਾਧਕ ਅਫਸਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਡਿਪਟੀ ਕਮਿਸ਼ਨਰ ਤੋਂ ਪੁਲਿਸ ਮਦਦ ਅਤੇ ਡਿਊਟੀ ਮਜਿਸਟਰੇਟ ਲਗਵਾਉਣ ਲਈ ਉਹ ਪੱਤਰ ਵੀ ਭੇਜ ਰਹੇ ਹਨ ਤਾਂ ਜੋ ਕਿਸੇ ਸੰਭਾਵੀ ਟਕਰਾਉ ਤੋਂ ਬਚਿਆ ਜਾ ਸਕੇ।
ਅਫਸਰਾਂ ਦੀ ਕੋਠੀਆਂ ਵਿੱਚ ਕੰਮ ਕਰਦੇ ਸਫਾਈ ਸੇਵਕ ਵਾਪਸ ਬਲਾਉਣ ਲਈ ਮਤਾ ਪਾਸ
ਸੰਗਰੂਰ, ਕੌਸਲਰ ਨੱਥੂ ਲਾਲ ਢੀਂਗਰਾ, ਸੁਰਿੰਦਰ ਸਿੰਘ ਭਿੰਡਰ, ਅਵਤਾਰ ਸਿੰਘ ਤਾਰਾ, ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਉਨ੍ਹਾਂ ਹਾਊਸ ਦੀ ਮੀਟਿੰਗ ਵਿੱਚ ਨਗਰ ਕੌਸਲ ਦੇ ਉਨ੍ਹਾਂ ਸਫਾਈ ਸੇਵਕਾਂ ਨੂੰ ਵਾਪਸ ਬਲਾਉਣ ਲਈ ਮਤਾ ਪਾਸ ਕਰਵਾਇਆ ਹੈ ਜੋ ਅਫਸਰਾਂ ਦੀ ਕੋਠੀਆਂ ਵਿੱਚ ਪਿੱਛਲੇ ਸਮੇਂ ਤੋਂ ਕੰਮ ਕਰ ਰਹੇ ਹਨ। ਇਨ੍ਹਾਂ ਕੌਸਲਰਾਂ ਦਾ ਇਹ ਕਹਿਣਾ ਹੈ ਕਿ ਸ਼ਹਿਰ ਵਿੱਚ ਸਫਾਈ ਸੇਵਕਾਂ ਦੀ ਪਹਿਲਾ ਹੀ ਘਾਟ ਹੈ ਪਰ ਅਫਸਰਾਂ ਦੀ ਕੋਠੀਆਂ ਵਿੱਚ ਕਿੰਨੇ ਹੀ ਸਫਾਈ ਸੇਵਕਾਂ ਦੇ ਕੰਮ ਕਰਨ ਨਾਲ ਸਫਾਈ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਇਹ ਵੀ ਮਤਾ ਪਾਸ ਕੀਤਾ ਗਿਆ ਕਿ ਹਰ ਵਾਰਡ ਵਿੱਚ ਦੋ ਤੋਂ ਵੱਧ ਸਫਾਈ ਸੇਵਕ ਤਾਇਨਾਤ ਕੀਤੇ ਜਾਣਗੇ। ਨੱਥੂ ਲਾਲ ਢੀਂਗਰਾ ਅਨੁਸਾਰ ਇਹ ਵੀ ਮੁੱਦਾ ਵਿਚਾਰਿਆਂ ਗਿਆ ਕਿ ਸਬੰਧਤ ਵਾਰਡ ਦੇ ਕੌਸਲਰ ਨੂੰ ਸਫਾਈ ਸੇਵਕ ਆਪਣੀ ਹਾਜਰੀ ਰਿਪੋਰਟ ਦੇਣਗੇ ਅਤੇ ਕੌਸਲਰ ਦੀ ਸਹਿਮਤੀ ਉਪਰੰਤ ਹੀ ਸੰਬਧਤ ਸਫਾਈ ਸੇਵਕ ਨੂੰ ਤਨਖਾਹ ਜਾਰੀ ਕੀਤੀ ਜਾਵੇਗੀ।
ਡੀ.ਸੀ. ਨਾਲ ਹੋਈ ਮੀਟਿੰਗ ਉਪਰੰਤ ਬੁਲਾਈ ਤਤਕਾਲ ਮੀਟਿੰਗ
ਸੰਗਰੂਰ, ਨਗਰ ਕੌਂਸਲਰਾਂ ਨੂੰ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਨੇ ਦਫਤਰ ਬੁਲਾਇਆ ਸੀ ਅਤੇ ਮੀਟਿੰਗ ਵਿੱਚ ਡੀ.ਸੀ. ਨੇ ਸ਼ਹਿਰ ਵਿੱਚੋਂ ਕੂੜਾ ਚੁਕਵਾਉਣ ਲਈ ਕਿਹਾ ਸੀ। ਨਗਰ ਕੌਸਲ ਵੱਲੋਂ ਬੁਲਾਈ ਗਈ ਤਤਕਾਲ ਮੀਟਿੰਗ ਦੀ ਕਈ ਕੌਂਸਲਰਾਂ ਨੂੰ ਠੀਕ ਸਮੇਂ ਉੱਤੰ ਸੂਚਨਾ ਵੀ ਨਹੀਂ ਮਿਲੀ ਜਿਸ ਕਾਰਨ ਮੀਟਿੰਗ ਵਿੱਚ ਕੌਸਲਰਾਂ ਦੀ ਗਿਣਤੀ ਘੱਟ ਰਹੀ ।
ਸਫਾਈ ਸੇਵਕਾਂ ਦੇ ਹਿੱਤਾ ਦਾ ਧਿਆਨ ਰੱਖਿਆ ਜਾਵੇ – ਰਿਪੂ ਢਿੱਲੋਂ, ਚਾਵਲਾ
ਸੰਗਰੂਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪੁਦਮਨ ਸਿੰਘ ਰਿਪੂ ਢਿੱਲੋਂ ਜਿਨ੍ਹਾਂ ਦੀ ਧਰਮ ਪਤਨੀ ਬੀਬੀ ਜਸਵੀਰ ਕੌਰ ਢਿੱਲੋਂ ਮੌਜੂਦਾ ਕੌਸਲਰ ਹਨ ਅਤੇ ਕਾਂਗਰਸ ਆਗੂ ਰਵੀ ਚਾਵਲਾ ਨੇ ਕਿਹਾ ਕਿ ਉਹ ਸ਼ਹਿਰ ਵਿੱਚ ਸਫਾਈ ਦੇ ਹਾਮੀ ਹਨ ਪਰ ਇਸ ਦੇ ਨਾਲ ਹੀ ਉਹ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ ਕਿ ਸਫਾਈ ਸੇਵਕਾਂ ਦੀ ਮੰਗਾਂ ਨੂੰ ਵੀ ਧਿਆਨ ਨਾਲ ਸੁਣਿਆ ਜਾਵੇ ਅਤੇ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਦੇ ਹਿੱਤਾਂ ਨੂੰ ਅਣਗੌਲਿਆ ਨਾ ਕੀਤਾ ਜਾਵੇ।
ਕੂੜੇ ਦੇ ਢੇਰ ਅੱਜ ਪੁਲਿਸ ਸੁਰੱਖਿਆ ਅਧੀਨ ਚੁਕਵਾਉਣ ਦਾ ਫੈਸਲਾ
ਸੰਗਰੂਰ, (ਸੁਖਵਿੰਦਰ ਸਿੰਘ ਫੁੱਲ) - ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਿੱਚ ਕੂੜੇ ਦੇ ਵਧ ਰਹੇ ਢੇਰਾਂ ਕਾਰਨ ਸ਼ਹਿਰ ਵਿੱਚ ਬੀਮਾਰੀ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਸਥਿਤੀ ਨੂੰ ਵੇਖਦਿਆਂ ਨਗਰ ਕੌਂਸਲ ਵੱਲੋਂ ਪ੍ਰਾਈਵੇਟ ਲੇਬਰ ਲਗਾ ਕੇ ਕੂੜੇ ਦੇ ਇਹ ਢੇਰ ਚੁਕਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ। 16 ਜੁਲਾਈ ਨੂੰ ਸਵੇਰੇ ਇਹ ਮੁਹਿੰਮ ਸਥਾਨਕ ਸਰਕਾਰੀ ਰਣਬੀਰ ਕਾਲਜ ਕੋਲੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਲਈ ਪੁਲਿਸ ਸੁਰੱਖਿਆ ਹਾਸਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਬਿਪਤਾ ਵਿੱਚ ਨਹੀਂ ਪਾਇਆ ਜਾ ਸਕਦਾ। ਉੱਧਰ ਸਫਾਈ ਸੇਵਕ ਯੂਨੀਅਨ ਦੇ ਆਗੂਆਂ ਨੇ ਮੁੜ ਦੁਹਰਾਇਆ ਹੈ ਕਿ ਉਨ੍ਹਾਂ ਦੀ ਹੜਤਾਲ ਫੈਸਲਾ ਹੋਣ ਤੱਕ ਜਾਰੀ ਰਹੇਗੀ ਅਤੇ ਉਹ ਕੂੜਾ ਚੁਕਣ ਦੀ ਕਿਸੇ ਪ੍ਰਸ਼ਾਸਨਿਕ ਕਾਰਵਾਈ ਦਾ ਵਿਰੋਧ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੁਲਿਸ ਨੇ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਕਰਦਿਆਂ ਗੱਡੀਆਂ ਦੀ ਕੀਤੀ ਚ... ਅਗਲੀ ਖ਼ਬਰ ਵਕੀਲਾਂ ਵਲੋਂ ਹੜਤਾਲ ਦੇ ਕਾਰਨ ਲਗਾਤਾਰ ਵਧ ਰਹੀਆਂ ਹਨ ਲੋਕਾਂ ਦੀਆਂ ਪਰੇਸ਼ਾਨੀਆਂ
Ad Position 24