ਲੌਂਗੋਵਾਲ, 15 ਜੁਲਾਈ (ਵਿਨੋਦ, ਸ. ਖੰਨਾ) - ਪੰਜਾਬ ਸਰਕਾਰ ਦੀ ਆਰਜ਼ੀ ਮੋਘੇ ਦੀ ਸਕੀਮ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਇਸ ਸਕੀਮ ਦੇ ਚਲਦਿਆਂ ਜਿੱਥੇ ਵੀਰਾਨ ਅਤੇ ਬੰਜਰ ਖੇਤ ਹਰੇ ਭਰੇ ਹੋ ਗਏ ਹਨ ਉਥੇ ਧਰਤੀ ਹੇਠਲੇ ਪਾਣੀ ਦੀ ਵੀ ਵੱਡੀ ਬੱਚਤ ਹੋ ਰਹੀ ਹੈ। ਇਸ ਸਕੀਮ ਦਾ ਲਾਹਾ ਪ੍ਰਾਪਤ ਕਰਨ ਵਿੱਚ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਕਿਸਾਨਾਂ ਉੱਘੇ ਸਮਾਜ ਸੇਵੀ ਜਸਵਿੰਦਰ ਸਿੰਘ ਨੱਪੀ ਅਤੇ ਅਗਾਂਹਵਧੂ ਕਿਸਾਨ ਨਿਰਮਲ ਸਿੰਘ ਦੁੱਲਟ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਵਾਰ ਆਪਣੇ ਸੰਬੋਧਨ ਵਿਚ ਆਰਜ਼ੀ ਮੋਘਿਆਂ ਬਾਰੇ ਜ਼ਿਕਰ ਕੀਤਾ ਗਿਆ ਸੀ। ਜਿਸ ਬਾਰੇ ਉਹਨਾਂ ਜਦੋਂ ਸਿੰਚਾਈ ਵਿਭਾਗ ਦੇ ਜ਼ਿਲੇਦਾਰ ਬਲਜਿੰਦਰ ਸਿੰਘ ਤੋਂ ਜਾਣਕਾਰੀ ਲਈ ਤਾਂ ਉਹਨਾਂ ਨੇ ਸਾਧਾਰਨ ਅਰਜ਼ੀ ਅਤੇ ਹਲਫ਼ੀਆ ਬਿਆਨਾਂ ਦੇ ਅਧਾਰ ਉਤੇ ਇਹ ਮਨਜ਼ੂਰੀ ਮਹਿਜ਼ ਕੁੱਝ ਦਿਨਾਂ ਵਿਚ ਹੀ ਉਪਲਬਧ ਕਰਵਾ ਦਿੱਤੀ। ਕਿਸਾਨਾਂ ਹਰਬੰਸ ਦਾਸ, ਪਾਲ ਸਿੰਘ, ਨਿਰਭੈ ਸਿੰਘ, ਬੱਬੂ ਦਾਸ, ਜੈਦੇਵ ਦਾਸ, ਸੰਦੀਪ ਸਿੰਘ ਅਤੇ ਅੰਗਰੇਜ ਸਿੰਘ ਨੇ ਦੱਸਿਆ ਕਿ ਜਦੋਂ ਦਾ ਅਸੀਂ ਇਹ ਮੋਘਾ ਵਰਤੋਂ ਵਿੱਚ ਲਿਆਂਦਾ ਹੈ ਉਦੋਂ ਤੋਂ ਸਾਨੂੰ ਕਈ ਕਈ ਦਿਨ ਮੋਟਰਾਂ ਚਲਾਉਣ ਦੀ ਲੋੜ ਹੀ ਨਹੀਂ ਪੈਂਦੀ। ਜਿਸ ਨਾਲ ਨਾ ਸਿਰਫ ਬਿਜਲੀ ਸਗੋਂ ਧਰਤੀ ਹੇਠਲੇ ਪਾਣੀ ਦੀ ਵੀ ਵੱਡੀ ਬੱਚਤ ਹੋ ਰਹੀ ਹੈ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਆਰਜ਼ੀ ਮੋਘੇ ਰਾਹੀਂ ਖੇਤਾਂ ਵਿਚ ਪੈਂਦਾ ਪਾਣੀ ਦੂਜੇ ਪਾਣੀ ਦੇ ਮੁਕਾਬਲੇ ਅੰਮ੍ਰਿਤ ਹੈ। ਨਹਿਰੀ ਪਾਣੀ ਨਾਲ ਫ਼ਸਲਾਂ ਦੀ ਪੈਦਾਵਾਰ ਵੀ ਵੱਧ ਅਤੇ ਰੋਗ ਮੁਕਤ ਹੁੰਦੀ ਹੈ। ਉਹਨਾਂ ਪਾਣੀ ਲਾਉਣ ਲਈ ਰਕਬੇ ਦੇ ਅਧਾਰ ਉਤੇ ਸਮੇਂ ਦੀ ਵੰਡ ਵੀ ਕਿਸਾਨਾਂ ਨੇ ਆਪਸੀ ਸਹਿਮਤੀ ਨਾਲ ਕਰ ਲਈ ਜਾਂਦੀ ਹੈ । ਇਸ ਲਈ ਪੰਜਾਬ ਸਰਕਾਰ ਦਾ ਉਚੇਚਾ ਧੰਨਵਾਦ ਵੀ ਕੀਤਾ। ਸਿੰਚਾਈ ਵਿਭਾਗ ਦੇ ਜ਼ਿਲ੍ਹੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਹ ਸਕੀਮ ਕਿਸਾਨਾਂ ਅਤੇ ਵਾਤਾਵਰਨ ਲਈ ਬੇਹੱਦ ਲਾਹੇਵੰਦ ਹੈ। ਉਹਨਾਂ ਦੱਸਿਆ ਕਿ ਰਜਬਾਹੇ, ਕੱਸੀਆਂ ਦੇ ਕੋਲ ਜਿੱਥੇ ਪੱਕਾ ਮੋਘਾ ਉਪਲਬਧ ਨਹੀਂ ਹੈ ਅਤੇ ਝੋਨੇ ਦੀ ਫ਼ਸਲ ਲਈ ਪਾਣੀ ਦੀ ਲੋੜ ਹੈ ਉਥੇ ਕਿਸਾਨਾਂ ਦੀ ਮੰਗ ਉਤੇ ਐਸ.ਡੀ.ਓ. ਸਿੰਚਾਈ ਵਿਭਾਗ ਵਲੋਂ ਆਰਜ਼ੀ ਮੋਘੇ ਦੀ ਮਨਜੂਰੀ ਦੇ ਦਿੱਤੀ ਜਾਂਦੀ ਹੈ।