ਅਮਰਗੜ੍ਹ,16 ਜੁਲਾਈ (ਜਤਿੰਦਰ ਮੰਨਵੀ,ਪਵਿੱਤਰ ਸਿੰਘ) - ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਵਿਖੇ ਸਿੱਖਿਆ ਵਿਭਾਗ ਵੱਲੋਂ ਭੇਜੀ ਗਈ ਇੱਕ ਟੀਮ ਨੇ ਪਹੁੰਚ ਕੇ ਸਕੂਲ ਦੀ ਕਾਰਜਪ੍ਰਣਾਲੀ ਦਾ ਨਿਰੀਖਣ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਦੀ ਪ੍ਰਿੰਸੀਪਲ ਨੂੰ ਪੜਤਾਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਨੇ ਪੈਨਲ ਸਮੇਤ ਸਕੂਲ ਦਾ ਦੌਰਾ ਕਰਕੇ ਰਿਕਾਰਡ ਅਤੇ ਹੋਰ ਪਹਿਲੂਆਂ ਦੀ ਤਸਦੀਕ ਕੀਤੀ। ਸੂਤਰਾਂ ਅਨੁਸਾਰ, ਸਕੂਲ ਦੀ ਕਾਰਜਪ੍ਰਣਾਲੀ ਸਬੰਧੀ ਮਿਲੀਆਂ ਕੁਝ ਸ਼ਿਕਾਇਤਾਂ ਦੇ ਆਧਾਰ ‘ਤੇ ਸਿੱਖਿਆ ਵਿਭਾਗ ਵੱਲੋਂ ਇਹ ਪੜਚੋਲ ਕਰਵਾਈ ਗਈ। ਦੋਸ਼ ਹੈ ਕਿ ਸਕੂਲ ਮੈਨੇਜਮੈਂਟ ਵੱਲੋਂ ਕੁਝ ਮੁਲਾਜਮਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਗ੍ਰੈਚੁਟੀ ਵੀ ਰੋਕੀ ਹੋਈ ਹੈ।ਜਦੋਂ ਇਸ ਸਬੰਧੀ ਮੀਡੀਆ ਵੱਲੋਂ ਜਾਂਚ ਅਫਸਰ ਪ੍ਰਿੰਸੀਪਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਟਾਲਾ ਵਟਦਿਆਂ ਕੋਰੀ ਨਾਂਹ ਕਰ ਦਿੱਤੀ, ਸਗੋਂ ਪੱਤਰਕਾਰਾਂ ਤੋ ਹੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।ਉੱਥੇ ਹੀ ਸਕੂਲ ਪ੍ਰਬੰਧਕ ਅਨੀਲ ਕੁਮਾਰ ਨੇ ਇਸ ਨੂੰ ਇੱਕ ਰੁਟੀਨ ਚੈਕਿੰਗ ਦੱਸ ਕੇ ਪੱਲਾ ਝਾੜ ਲਿਆ। ਹਾਲਾਂਕਿ ਸਕੂਲ ਪ੍ਰਬੰਧਕਾਂ ਤੋਂ ਆਪਣੀ ਤਨਖਾਹ ਲੈਣ ਆਈ ਅਧਿਆਪਕ ਖੁਸਪ੍ਰੀਤ ਕੌਰ ਨੇ ਮੀਡੀਆ ਨੂੰ ਜੁਬਾਨੀ ਦੱਸਿਆ ਕਿ ਉਸਨੂੰ ਬਿਨਾ ਕੋਈ ਨੋਟਿਸ ਦਿੱਤੇ ਸਕੂਲ ਚੋਂ ਕੱਢ ਦਿੱਤਾ ਗਿਆ ਤੇ ਤਨਖਾਹ ਲੈਣ ਖਾਤਰ ਉਸਨੂੰ ਪ੍ਰਬੰਧਕ ਖੱਜਲ ਖੁਆਰ ਕਰ ਰਹੇ ਹਨ।ਸੂਤਰਾਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਸਕੂਲ ਦੀ ਕਾਰਜਪ੍ਰਣਾਲੀ ਤੇ ਸਵਾਲ ਉੱਠੇ ਹਨ। ਇਸ ਤੋਂ ਪਹਿਲਾਂ ਵੀ ਸਕੂਲ ਖਿਲਾਫ ਕਈ ਇਨਕੁਆਰੀਆਂ ਹੋ ਚੁੱਕੀਆਂ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ ਸਿੱਖਿਆ ਵਿਭਾਗ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।ਇਸ ਪੂਰੇ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਤਲਵਿੰਦਰ ਕੌਰ ਨਾਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਸ ਵਾਰ ਦੀ ਜਾਂਚ ਤੋਂ ਬਾਅਦ ਵਿਭਾਗ ਕੋਈ ਸਖ਼ਤ ਕਾਰਵਾਈ ਕਰਦਾ ਹੈ ਜਾਂ ਮਾਮਲਾ ਹਮੇਸ਼ਾ ਵਾਂਗ ਠੰਡੇ ਬਸਤੇ ‘ਚ ਪਾ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਸਭ ਤੋਂ ਅਹਿਮ ਮੁੱਦਾ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਜੁੜਿਆ ਹੈ ਕਿ ਸਕੂਲ ਵੱਲੋਂ ਬੱਚਿਆਂ ਨੂੰ ਲਿਆਉਣ-ਲਿਜਾਣ ਲਈ ਵਰਤੀਆਂ ਜਾਣ ਵਾਲੀਆਂ ਬੱਸਾਂ ਦੀ ਹਾਲਤ ਬੇਹੱਦ ਖਸਤਾ ਦੱਸੀ ਜਾ ਰਹੀ ਹੈ ਤੇ ਜ਼ਿਆਦਤਰ ਦੇ ਕਾਗਜਾਤਾਂ ਸਬੰਧੀ ਵੀ ਸਵਾਲ ਉੱਠੇ ਰਹੇ ਹਨ, ਜਿਨ੍ਹਾਂ ਦੀ ਪੁਸ਼ਟੀ ਵਿਭਾਗੀ ਜਾਂਚ ਤੋਂ ਬਾਅਦ ਹੀ ਹੋਵੇਗੀ, ਜੋ ਕਿ ਬੱਚਿਆਂ ਦੀ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦੇ ਹਨ।ਹੁਣ ਦੇਖਣਾ ਇਹ ਹੋਵੇਗਾ ਕਿ ਸਕੂਲ ਦੀਆਂ ਬੱਸਾਂ ਸਬੰਧੀ ਵਰਤੀਆਂ ਗਈਆਂ ਕੁਤਾਹੀਆਂ ਨੂੰ ਲੈ ਕੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਕੀ ਕਾਰਵਾਈ ਕਰਦੇ ਹਨ।