ਧੂਰੀ, 17 ਜੁਲਾਈ (ਲਖਵੀਰ ਸਿੰਘ ਧਾਂਦਰਾ) - ਰੇਲਵੇ ਸਟੇਸ਼ਨ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਹਰਵਿੰਦਰ ਸਿੰਘ ਐੱਸ ਐਚ ਓ ਥਾਣਾ ਰੇਲਵੇ ਪੁਲਿਸ ਸੰਗਰੂਰ ਨੇ ਦੱਸਿਆ ਕਿ ਏ.ਐਸ.ਆਈ. ਗੁਰਿੰਦਰਜੀਤ ਸਿੰਘ ਇੰਚਾਰਜ ਰੇਲਵੇ ਪੁਲਿਸ ਚੌਂਕੀ ਧੂਰੀ ਸਮੇਤ ਪੁਲਿਸ ਪਾਰਟੀ ਰੇਲਵੇ ਸਟੇਸ਼ਨ ਧੂਰੀ ਅਤੇ ਰੇਲਵੇ ਯਾਰਡ ਦੇ ਇਲਾਕੇ ਵਿੱਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰ ਰਹੇ ਸਨ। ਚੈਕਿੰਗ ਦੇ ਦੌਰਾਨ ਮਾਲ ਗੋਦਾਮ ਵਾਲੀ ਸਾਈਡ ਤੋਂ ਰੇਲਵੇ ਸਟੇਸ਼ਨ ਧੂਰੀ ਵੱਲ ਇੱਕ ਬਿਨਾਂ ਨੰਬਰ ਦੇ ਮੋਟਰਸਾਈਕਲ ‘ਤੇ ਸਵਾਰ ਦੋ ਸ਼ੱਕੀ ਵਿਅਕਤੀ ਆਉਂਦੇ ਦਿਖਾਈ ਦਿੱਤੇ। ਪੁਲਿਸ ਪਾਰਟੀ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਉਨ੍ਹਾਂ ਨੂੰ ਮੌਕੇ ‘ਤੇ ਹੀ ਕਾਬੂ (ਰਾਊਂਡ ਅੱਪ) ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਹਰਮਨਜੀਤ ਸਿੰਘ ਉਰਫ਼ ਸੰਜੇ ਪੁੱਤਰ ਧੰਨਾ ਸਿੰਘ, ਵਾਸੀ ਪਿੰਡ ਫ਼ਤਹਿਗੜ੍ਹ ਛੰਨਾ ਅਤੇ ਪ੍ਰਿੰਸ ਉਰਫ਼ ਰਾਂਝਾ, ਵਾਸੀ ਧੂਰੀ ਨੂੰ ਕਾਬੂ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਦੀ ਬਾਰੀਕੀ ਨਾਲ ਤਲਾਸ਼ੀ ਲੈਣ ‘ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਖੋਹੇ ਹੋਏ ਮੋਬਾਈਲ ਫ਼ੋਨ ਅਤੇ 1 ਬਿਨਾਂ ਨੰਬਰ ਦਾ ਮੋਟਰਸਾਈਕਲ ਬਰਾਮਦ ਹੋਇਆ। ਬਰਾਮਦ ਕੀਤੇ ਗਏ ਮਾਲ ਦੀ ਕੁੱਲ ਕੀਮਤ ਲਗਭਗ 1 ਲੱਖ ਰੁਪਏ ਹੈ ਅਤੇ ਇਨ੍ਹਾਂ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਇਨ੍ਹਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ।