ਸੁਨਾਮ ਊਧਮ ਸਿੰਘ ਵਾਲਾ, 17 ਜੁਲਾਈ (ਰੁਪਿੰਦਰ ਸਿੰਘ ਸੱਗੂ)–”ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਵੱਲੋਂ ਅੱਜ ਨਵੇਂ ਸਕੇਲਾਂ ਸੰਬੰਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਥੇ ਇਹ ਵਰਨਣਯੋਗ ਹੈ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਉੱਪਰ ਪੰਜਾਬ ਸਕੇਲ ਰੱਦ ਕਰਕੇ ਅਧੂਰਾ ਕੇਂਦਰੀ ਪੇਅ ਸਕੇਲ ਥੋਪ ਦਿੱਤਾ ਗਿਆ ਸੀ। ਜਿਸ ਕਾਰਨ ਨਵੇਂ ਭਰਤੀ ਹੋਣ ਵਾਲੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਉੱਪਰ ਵੱਡਾ ਕੱਟ ਲਗਾ ਦਿੱਤਾ ਗਿਆ ਸੀ। ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਲਈ ਪੰਜਾਬ ਤਨਖਾਹ ਸਕੇਲ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਹੱਕ ਵਿੱਚ ਹਾਮੀ ਭਰਨ ਵਾਲੀ ‘ਆਪ’ ਸਰਕਾਰ ਵੀ ਪਿਛਲੇ ਚਾਰ ਸਾਲ ਤੋਂ ਪੰਜਾਬ ਸਕੇਲ, ਪੁਰਾਣੀ ਪੈਨਸ਼ਨ, ਡੀਏ ਅਤੇ ਭੱਤਿਆਂ ਦੀ ਬਹਾਲੀ ਤੋਂ ਕਿਨਾਰਾ ਕਰ ਚੁੱਕੀ ਹੈ। ਸਗੋਂ ਮੁਲਾਜ਼ਮਾਂ ਦੇ ਵਿਰੋਧ ਵਿੱਚ ਭੁਗਤ ਰਹੀ ਹੈ। ਇਸ ਦੌਰਾਨ ਐਲਾਨ ਕੀਤਾ ਗਿਆ ਕਿ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ‘ਤੇ 7 ਅਗਸਤ 2026 ਨੂੰ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਵਿਸ਼ਾਲ ਸੂਬਾ ਪੱਧਰੀ ਰੈਲੀ ਵਿੱਚ “ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ” ਦੇ ਬੈਨਰ ਹੇਠ ਵੱਡੀ ਗਿਣਤੀ ਨਾਲ਼ ਹਿੱਸਾ ਬਣਿਆ ਜਾਵੇਗਾ। ਇਸ ਮੌਕੇ ਗੱਲਬਾਤ ਕਰਦੇ ਹੋਏ ਨਾਜਰ ਸਿੰਘ ਸਿੱਧੂ ਤਹਿਸੀਲ ਪ੍ਰਧਾਨ ਵੈਟਰਨੀ ਇੰਸਪੈਕਟਰ ਐਸੋਸੀਏਸਨ ਸੁਨਾਮ ਨੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸੁਭਚਰਨਜੀਤ ਸਿੰਘ ਸਕੱਤਰ ਜਗਜੀਤ ਸਿੰਘ ਦੁੱਲਟ,ਯੁਵਰਾਜ ਸ਼ਰਮਾ ਮੀਤ ਪ੍ਰਧਾਨ, ਸਵਿੰਦਰ ਸਿੰਘ ਖਜਾਨਚੀ ਤੇ ਅਮ੍ਰਿਤਪਾਲ ਸਿੰਘ ਜਵੰਧੇ ਸਾਰੇ ਵੈਟਰਨੀ ਇੰਸਪੈਕਟਰ ਸਾਥੀ ਹਾਜ਼ਰ ਸਨ।
ਨੋਟੀਫਿਕੇਸ਼ਨ ਦੀ ਕਾਪੀਆਂ ਸਾੜ ਕੇ ਮੁਲਾਜ਼ਮਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ
18-07-2026