ਸੁਨਾਮ ਊਧਮ ਸਿੰਘ ਵਾਲਾ, 17 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) -ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜਿਲ੍ਹਾ ਪੱਧਰੀ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ। ਸੂਬਾਈ ਆਗੂ ਜਨਕ ਸਿੰਘ ਭਟਾਲ ਕਲਾਂ ਅਤੇ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ 22 ਜੁਲਾਈ ਨੂੰ ਸੈਂਕੜੇ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਭਾਰਤ-ਅਮਰੀਕਾ ਮੁਫਤ ਵਪਾਰ ਸਮਝੌਤੇ ਨੂੰ ਲੈ ਕੇ ਸੰਯੁਕਤ ਮੋਰਚੇ ਦੇ ਸੱਦੇ ਤੇ ਚੰਡੀਗੜ੍ਹ-ਬਠਿੰਡਾ ਰੋਡ ਤੇ ਕਾਲਾਝਾੜ ਅਤੇ ਜਾਖਲ-ਬਰੇਟਾ ਸੜਕ ਤੇ ਚੋਟੀਆਂ ਟੋਲ ਪਲਾਜ਼ੇ ਮੁਕਤ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਪੈਪਸੀਕੋ ਕੰਪਨੀ ਚੰਨੋ ਵਲੋਂ ਕਿਰਤੀ ਕਾਮਿਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਪੈਪਸੀਕੋ ਵਰਕਰਾਂ ਦੇ ਹਰ ਸੰਘਰਸ਼ ਦੀ ਪੂਰਨ ਹਮਾਇਤ ਕੀਤੀ ਜਾਵੇਗੀ। ਇਸ ਮੌਕੇ ਅਮਨਦੀਪ ਸਿੰਘ ਮਹਿਲਾਂ, ਦਰਸ਼ਨ ਸਿੰਘ ਚੰਗਾਲੀਵਾਲਾ, ਸੁਖਪਾਲ ਸਿੰਘ ਮਾਣਕ ਕਣਕਵਾਲ, ਰਾਮਸਰਨ ਸਿੰਘ ਉਗਰਾਹਾਂ, ਜਸਵੀਰ ਸਿੰਘ ਗੱਗੜਪੁਰ, ਬਲਵਿੰਦਰ ਸਿੰਘ ਘਨੌੜ ਜੱਟਾਂ, ਹਰਜੀਤ ਸਿੰਘ ਮਹਿਲਾਂ, ਜਗਦੀਪ ਸਿੰਘ ਮਹਿਲਾਂ, ਹਰਬੰਸ ਸਿੰਘ ਲੱਡਾ, ਸਵਰਾਜ ਸਿੰਘ ਗੁਰਨੇ, ਬੰਟੀ ਢੀਂਡਸਾ, ਰਾਮ ਸਿੰਘ ਕੱਕੜਵਾਲ ਅਤੇ ਬੂਟਾ ਸਿੰਘ ਲੌਂਗੋਵਾਲ ਆਦਿ ਸ਼ਾਮਿਲ ਸਨ।