ਮਾਲੇਰਕੋਟਲਾ, 20 ਜੁਲਾਈ (ਮਨਜਿੰਦਰ ਸਿੰਘ ਸਰੌਦ) - ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਸੂਬਾ ਪੱਧਰੀ ਲੀਡਰਸ਼ਿਪ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਜਿੱਥੇ ਕਿਸਾਨਾਂ ਦੇ ਮਸਲਿਆਂ ਨੂੰ ਵਿਚਾਰਿਆ ਗਿਆ । ਮੀਟਿੰਗ ਦੌਰਾਨ ਯੂਨੀਅਨ ਦੇ ਪੰਜਾਬ ਸੂਬਾ ਪ੍ਰਧਾਨ ਦਰਸ਼ਨ ਪਾਲ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਕਿਸਾਨੀ ਤੇ ਜਥੇਬੰਦੀ ਨਾਲ ਸੰਬੰਧਿਤ ਕਈ ਅਹਿਮ ਮੁੱਦਿਆਂ ‘ਤੇ ਗੰਭੀਰ ਚਰਚਾ ਕੀਤੀ ਗਈ । ਜਥੇਬੰਦੀ ਦੇ ਰਣਨੀਤਕ ਵਿਸਥਾਰ ਤੇ ਮਜ਼ਬੂਤੀ ਲਈ ਨਵੇਂ ਅਹੁਦਿਆਂ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਚਰਨਜੀਤ ਸਿੰਘ ਸਰੌਦ ਨੂੰ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਮਲੇਰਕੋਟਲਾ ਤੇ ਪੰਜਾਬ ਯੂਥ ਆਗੂ ਜਗਦੀਪ ਸਿੰਘ ਲਸੋਈ ਨੂੰ ਭਾਰਤੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਜਨਰਲ ਸਕੱਤਰ (ਯੂਥ) ਨਿਯੁਕਤ ਕੀਤਾ ਗਿਆ । ਮੀਟਿੰਗ ਦੌਰਾਨ ਅਗਲਾ ਟੀਚਾ ਉਲੀਕਦਿਆਂ ਐਲਾਨ ਕੀਤਾ ਗਿਆ ਕਿ 8 ਅਗਸਤ ਨੂੰ ਜ਼ਿਲ੍ਹਾ ਮਲੇਰਕੋਟਲਾ ਦੀ ਇੱਕ ਅਹਿਮ ਮੀਟਿੰਗ ਕੁੱਪ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੀ ਗਈ ਹੈ । ਮੀਟਿੰਗ ਦਾ ਮੁੱਖ ਮਕਸਦ ਵੱਖ-ਵੱਖ ਪਿੰਡਾਂ ਦੇ ਵਿੱਚ ਨਵੀਆਂ ਇਕਾਈਆਂ (ਜਥੇਬੰਦੀਆਂ) ਦਾ ਗਠਨ ਕਰਨਾ ਤੇ ਕਿਸਾਨੀ ਸੰਘਰਸ਼ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨਾ ਹੈ । ਮੀਟਿੰਗ ‘ਚ ਸੂਬਾ ਪ੍ਰਧਾਨ ਦਰਸ਼ਨ ਪਾਲ ਤੋਂ ਇਲਾਵਾ, ਸੂਬਾ ਖ਼ਜ਼ਾਨਚੀ ਹਰਮੇਲ ਸਿੰਘ ਤੁੰਗਾ, ਮਲੇਰਕੋਟਲਾ ਦੇ ਪ੍ਰਧਾਨ ਰਣਜੀਤ ਸਿੰਘ ਜੀਤਾ, ਪਟਿਆਲਾ ਦੇ ਜਨਰਲ ਸਕੱਤਰ ਅਵਤਾਰ ਸਿੰਘ, ਕਿਸਾਨ ਆਗੂ ਕਰਮ ਸਿੰਘ ਕਰਮ ਤੇ ਹੋਰ ਕਈ ਪ੍ਰਮੁੱਖ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ । ਨਵ-ਨਿਯੁਕਤ ਆਗੂਆਂ ਨੇ ਜਥੇਬੰਦੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਕਿਸਾਨੀ ਹਿੱਤਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ । ਇਸ ਮੌਕੇ ਵੱਖ-ਵੱਖ ਇਕਾਈਆਂ ਦੇ ਅਹੁਦੇਦਾਰ ਹਾਜ਼ਰ ਸਨ ।