02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿੱਚ ਸਫ਼ਾਈ ਸੇਵਕਾਂ ਦੇ ਹੱਕ ’ਚ ਬਾਜ਼ਾਰ ਰਹੇ ਬੰਦ

Ad Position 21
No active advertisement
ਅਜੀਤ ਡੈਸਕ 31-07-2026

ਸੰਗਰੂਰ, 30 ਜੁਲਾਈ (ਧੀਰਜ ਪਸੋਰੀਆ) - ਬਰਨਾਲਾ ਵਿੱਚ ਸਫ਼ਾਈ ਕਰਮਚਾਰੀਆਂ ਤੇ ਹੋਏ ਲਾਠੀ ਚਾਰਜ ਦੇ ਵਿਰੋਧ ਵਿੱਚ ਅਤੇ ਲਟਕ ਰਹੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਮਿਉਸਪਲ ਮੁਲਾਜ਼ਮ ਐਕਸ਼ਨ ਕਮੇਟੀ, ਸਫ਼ਾਈ ਸੇਵਕ ਯੂਨੀਅਨ ਪੰਜਾਬ ਅਤੇ ਦੀ ਪੰਜਾਬ ਮਿਉਂਸਪਲ ਆਊਟਸੋਰਸਜ ਇੰਪਲਾਈਜ਼ ਯੂਨੀਅਨ ਦੇ ਸੱਦੇ ਤੇ ਅੱਜ ਸਫ਼ਾਈ ਕਰਮਚਾਰੀ ਯੂਨੀਅਨ ਵੱਲੋਂ ਕੀਤੀ ਅਪੀਲ ਤੇ ਵਪਾਰ ਮੰਡਲ ਵੱਲੋਂ ਸਮਰਥਨ ਕੀਤੇ ਜਾਣ ਦੇ ਚੱਲਦਿਆਂ ਸੰਗਰੂਰ ਦੇ ਬਾਜਾਰ ਮੁਕੰਮਲ ਤੌਰ ਤੇ ਬੰਦ ਰਹੇ। ਸਰਕਾਰੀ ਅਦਾਰੇ, ਸੜਕੀ ਆਵਾਜਾਈ, ਦਵਾਈਆਂ ਦੀਆਂ ਦੁਕਾਨਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਆਮ ਦੀ ਤਰ੍ਹਾਂ ਨਿਰਵਿਘਨ ਚੱਲਦੀਆਂ ਰਹੀਆਂ। ਅੱਜ ਸਵੇਰ ਤੋਂ ਹੀ ਸਫ਼ਾਈ ਕਰਮਚਾਰੀ ਨਗਰ ਕੌਂਸਲ ਦਫ਼ਤਰ ਸੰਗਰੂਰ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਤਕਰੀਬਨ 11 ਵਜੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਅਤੇ ਆਪਣੀਆਂ ਮੰਗਾਂ ਦੇ ਹੱਕ ਵਿਚ ਨਾਅਰੇਬਾਜ਼ੀ ਕਰਦਿਆਂ ਸੰਗਰੂਰ ਦੇ ਬਾਜ਼ਾਰਾਂ ਵਿੱਚੋਂ ਦੀ ਰੋਸ ਮਾਰਚ ਕਰਦਿਆਂ ਪ੍ਰਦਰਸ਼ਨ ਕੀਤਾ ਇਸ ਰੋਸ਼ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਬਰਨਾਲਾ ਦੇ ਡੀ.ਐਸ.ਪੀ ਅਤੇ ਐਸ.ਐੱਚ.ਓ ਸਮੇਤ ਲਾਠੀ ਚਾਰਜ ਨਾਲ ਸੰਬੰਧਿਤ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਕੇ ਉਨ੍ਹਾਂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਰੋਸ਼ ਪ੍ਰਦਰਸ਼ਨ ਦੌਰਾਨ ਭਰਤ ਬੇਦੀ ਜ਼ਿਲ੍ਹਾ ਪ੍ਰਧਾਨ ਸੰਗਰੂਰ, ਅਜੈ ਬੇਦੀ ਲੋਕਲ ਪ੍ਰਧਾਨ, ਸੰਜੀਵ ਸਾਹਨੀ, ਅਮਰੀਕ ਸਿੰਘ ਅਤੇ ਹੋਰਨਾਂ ਵੱਲੋਂ ਸੰਬੋਧਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਸ਼੍ਰੋਮਣੀ ਅਕਾਲੀ ਦਲ( ਬ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਅਤੇ ਇਕਬਾਲਜੀਤ ਸਿੰਘ ਪੂਨੀਆ ਸਾਬਕਾ ਪ੍ਰਧਾਨ ਨਗਰ ਕੌਂਸਲ, ਨਗਰ ਕੌਂਸਲ ਸੰਗਰੂਰ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਰਿਪੁਦਮਨ ਸਿੰਘ ਢਿੱਲੋਂ, ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ ਚਮਨਦੀਪ ਸਿੰਘ ਮਿਲਖੀ, ਵਿਜੇ ਲੰਕੇਸ਼, ਸੰਦੀਪ ਦਾਨੀਆ, ਰਵੀ ਚਾਵਲਾ, ਆਵਾ ਸਿੰਘ, ਸ਼ਸ਼ੀ ਚਾਵਰੀਆ, ਨਰੇਸ਼ ਬਬਰੀਕ, ਗੁਰਪ੍ਰੀਤ ਸਿੰਘ ਲਖਮੀਰਵਾਲਾ, ਚਮਕੌਰ ਸਿੰਘ ਮਹਿਲਾਂ, ਸੀਤਾ ਰਾਮ ਚੌਹਾਨ, ਰੂਬਲ ਅਸਤ, ਰਵੀ ਡੀਲੋਡ, ਸ਼ਕਤੀਜੀਤ, ਮਾਸਟਰ ਪਰਮਵੇਦ ਅਤੇ ਹੋਰਨਾਂ ਜਥੇਬੰਦੀਆਂ ਦੇ ਕਈ ਆਗੂਆਂ ਨੇ ਸਫ਼ਾਈ ਕਰਮਚਾਰੀਆਂ ਮੰਗਾਂ ਦੀ ਹਮਾਇਤ ਕੀਤੀ।
ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ- ਵਪਾਰ ਮੰਡਲ
ਸੰਗਰੂਰ - ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਕਿਹਾ ਕਿ ਵਪਾਰ ਮੰਡਲ ਵੱਲੋਂ ਹਾਈ ਕਰਮਚਾਰੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਦਾ ਪੂਰਾ ਸਮਰਥਨ ਕੀਤਾ ਗਿਆ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ। ਸ ਜਸਵਿੰਦਰ ਸਿੰਘ ਪ੍ਰਿੰਸ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਲਗਾਤਾਰ ਵਿਗੜ ਰਹੀ ਹੈ ਬਰਸਾਤ ਦਾ ਮੌਸਮ ਹੋਣ ਕਾਰਨ ਮਹਾਂਮਾਰੀ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਜਾਬ ਵਾਸੀਆਂ ਦੀ ਸਮੱਸਿਆ ਨੂੰ ਸਮਝਦੇ ਹੋਏ ਇਸ ਮਸਲੇ ਦਾ ਜਲਦ ਹੱਲ ਕੀਤਾ ਜਾਵੇ।
ਸੰਗਰੂਰ-ਸਫਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਗਈ। ਅਮਨਦੀਪ ਪੂਨੀਆ, ਸਰਜੀਵਣ ਜਿੰਦਲ,ਵਿਜੇ ਸਾਹਨੀ, ਅੰਮ੍ਰਿਤਰਾਜ ਸਿੰਘ ਚੱਠਾ, ਅਵਵਾ ਸਿੰਘ ਅਤੇ ਸੀਤਾ ਰਾਮ ਚੌਹਾਨ ਨੇ ਉਚੇਚੇ ਤੌਰ ‘ਤੇ ਪੁੱਜ ਧਰਨੇ ਪ੍ਰਦਰਸ਼ਨ ਦੌਰਾਨ ਸਫਾਈ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਕਿ ਭਾਰਤੀ ਜਨਤਾ ਪਾਰਟੀ ਇਨ੍ਹਾਂ ਦੀਆਂ ਮੰਗਾਂ ਦਾ ਪ਼ ਸਮਰਥਨ ਕਰਦੀ ਹੈ। ਸਰਕਾਰ ਜਲਦ ਤੋਂ ਜਲਦ ਇਨ੍ਹਾਂ ਦੀਆਂ ਮੰ ਗਾਂ ਨੂੰ ਪੂਰਾ ਕਰ ਕੇ ਇਨਸਾਫ਼ ਦੇਵੇ।
ਧੂਰੀ, (ਸੁਖਵੰਤ ਸਿੰਘ ਭੁੱਲਰ, ਸੰਜੇ ਲਹਿਰੀ) - ਸਫ਼ਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਦਿੱਤੇ ਗਏ ਸੂਬਾ ਪੱਧਰੀ ਬੰਦ ਦੇ ਸੱਦੇ ਦਾ ਅੱਜ ਧੂਰੀ ਸ਼ਹਿਰ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਧੂਰੀ ਦੇ ਪ੍ਰਮੁੱਖ ਬਾਜ਼ਾਰ ਅਤੇ ਵਪਾਰਕ ਅਦਾਰੇ ਮੁਕੰਮਲ ਤੌਰ ‘ਤੇ ਬੰਦ ਰਹੇ, ਜਿਸ ਕਾਰਨ ਆਮ ਚਹਿਲ-ਪਹਿਲ ਗਾਇਬ ਰਹੀ। ਸਫ਼ਾਈ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਵਿੱਢੇ ਗਏ ਇਸ ਸੰਘਰਸ਼ ਨੂੰ ਸਥਾਨਕ ਦੁਕਾਨਦਾਰਾਂ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦਾ ਵੀ ਭਰਵਾਂ ਸਮਰਥਨ ਮਿਲਿਆ। ਪ੍ਰਦਰਸ਼ਨ ਦੀ ਸ਼ੁਰੂਆਤ ਸਫ਼ਾਈ
ਸੇਵਕਾਂ ਵੱਲੋਂ ਨਗਰ ਕੌਂਸਲ ਦਫ਼ਤਰ ਧੂਰੀ ਤੋਂ ਕੀਤੀ ਗਈ। ਇੱਥੋਂ ਇਕੱਠੇ ਹੋ ਕੇ ਕਾਮਿਆਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਜ਼ੋਰਦਾਰ ਰੋਸ ਮਾਰਚ ਕੱਢਿਆ। ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦਾ ਹੋਇਆ ਇਹ ਰੋਸ ਮਾਰਚ ਕੱਕੜਵਾਲ ਚੌਂਕ ਵਿਖੇ ਪਹੁੰਚਿਆ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦੀ ਅਰਥੀ ਫੂਕ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਯੂਨੀਅਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਠੇਕੇ ‘ਤੇ ਕੰਮ ਕਰਦੇ ਹਜ਼ਾਰਾਂ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਪੱਕਾ ਕਰਨ ਸਮੇਤ ਹੋਰ ਜਾਇਜ਼ ਮੰਗਾਂ ਵੱਲ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਨਾ ਕੀਤਾ, ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਲਹਿਰਾਗਾਗਾ, (ਅਸ਼ੋਕ ਗਰਗ) - ਸਫ਼ਾਈ ਸੇਵਕਾਂ ਦੇ ਸਮਰਥਨ ਵਿੱਚ ਜਿੱਥੇ ਅੱਜ ਸਥਾਨਕ ਸ਼ਹਿਰ ਦੇ ਬਾਜ਼ਾਰ ਮੁਕੰਮਲ ਬੰਦ ਰੱਖੇ ਗਏ, ਉੱਥੇ ਹੀ ਸਫ਼ਾਈ ਕਾਮਿਆਂ ਵੱਲੋਂ ਸ਼ਹਿਰ ਵਿੱਚ ਕੱਢੀ ਰੋਸ ਰੈਲੀ ਵਿੱਚ ਵੱਖ ਵੱਖ ਜਥੇਬੰਦੀਆਂ, ਯੂਨੀਅਨਾਂ ਨੇ ਭਾਗ ਲਿਆ। ਇਸ ਰੈਲੀ ਨੂੰ ਸਥਾਨਕ ਮੰਦਰ ਚੌਂਕ ਵਿਖੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੌਜੂਦਾ ਸਰਕਾਰ ਨੂੰ ਭੰਡਿਆ ਅਤੇ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੁਝ ਦਿਨ ਹੋਰ ਸਫ਼ਾਈ ਨਾਂ ਹੋਈ ਤਾਂ ਪੰਜਾਬ ਵਿੱਚ ਮਹਾਮਾਰੀ ਫੈਲਣ ਦਾ ਖਤਰਾ ਪੈਦਾ ਹੋ ਜਾਵੇਗਾ। ਉਨ੍ਹਾਂ ਬਰਨਾਲੇ ਸਫ਼ਾਈ ਕਾਮਿਆਂ ਦੀ ਅੰਨੇ ਵਾਹ ਕੀਤੀ ਕੁੱਟ ਨੂੰ ਜਲਿਆਂ ਵਾਲੇ ਬਾਗ ਦਾ ਦੂਜਾ ਕਾਂਡ ਕਰਾਰ ਦਿੱਤਾ। ਪਾਵਰਕਾਮ ਦੇ ਬੁਲਾਰੇ ਗੁਰਚਰਨ ਸਿੰਘ ਅਤੇ ਮਹਿੰਦਰ ਸਿੰਘ ਨੇ ਕਿਹਾ, ਕਿ ਹੁਣ ਬਰਨਾਲੇ ਦੂਜੀਆਂ ਪਾਰਟੀਆਂ ਵਾਲੇ ਪਹੁੰਚ ਕੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ, ਪਰ ਇਨ੍ਹਾਂ ਨੇ ਵੀ ਆਪਣੇ ਰਾਜ ਵਿੱਚ ਧੀਆਂ ਭੈਣਾਂ ਦੀਆਂ ਚੁੰਨੀਆਂ ਪਾੜੀਆਂ, ਅਧਿਆਪਕਾਂ ਨੂੰ ਬੱਸਾਂ ਵਿੱਚ ਡਾਂਗਾਂ ਦੀਆਂ ਖੋਦਾਂ ਨਾਲ ਕੁੱਟਿਆ। ਸਿਰਫ਼ ਹੁਣ ਰਾਜਸੀ ਲਾਹਾ ਲੈਣ ਖਾਤਰ ਹੀ ਇਹ ਲੀਡਰ ਬਰਨਾਲੇ ਪਹੁੰਚ ਰਹੇ ਹਨ, ਪ੍ਰੰਤੂ ਇਨ੍ਹਾਂ ਦੀ ਮਾੜੀ ਕਾਰਗੁਜ਼ਾਰੀ ਵੀ ਕਿਸੇ ਸਰਕਾਰ ਤੋਂ ਘੱਟ ਨਹੀਂ। ਹੋਰਨਾ ਬੁਲਾਰਿਆਂ ਨੇ ਵੀ ਕਿਹਾ, ਕਿ ਸਿਰਫ ਨਿਗੂਣੀਆਂ ਤਨਖਾਹਾਂ ਤੇ ਸਫ਼ਾਈ ਕਾਮੇ ਨਾਲੀਆਂ ਸਾਫ ਕਰਦੇ ਹਨ। ਸੀਵਰਮੈਨ ਗਟਰਾਂ ਵਿੱਚ ਉਤਰਦੇ ਹਨ, ਜਿਸ ਕਾਰਨ ਲਹਿਰਾਗਾਗਾ ਸਮੇਤ ਕਈ ਸ਼ਹਿਰਾਂ ਵਿੱਚ ਸੀਵਰ ਮੈਨਾਂ ਦੀ ਮੌਤ ਹੋ ਚੁੱਕੀ ਹੈ।ਅਖੀਰ ਵਿੱਚ ਸਫ਼ਾਈ ਸੇਵਕ ਯੂਨੀਅਨ ਲਹਿਰਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੰਗੂ ਨੇ ਦੁਕਾਨਾਂ ਬੰਦ ਕਰਨ ਬਦਲੇ ਦੁਕਾਨਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਕਾਂਡ ਦੇ ਦੋਸ਼ੀ ਡੀਐਸਪੀ, ਐਸਐਚਓ ਅਤੇ ਕਾਂਸਟੇਬਲ ਜਿਨ੍ਹਾਂ ਨੇ ਸਾਡੀਆਂ ਮਾਵਾਂ ਭੈਣਾਂ ਤੇ ਜੁਲਮ ਕੀਤਾ, ਦੁਕਾਨਾਂ ਚੋਂ ਬਾਹਰ ਕੱਢ ਕੱਢ ਕੇ ਕੁੱਟਿਆ, ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਡਾ ਸੰਘਰਸ਼ ਹੋਰ ਤਿੱਖਾ ਹੁੰਦਾ ਜਾਵੇਗਾ। ਇਸ ਸਮੇਂ ਮੌਜੂਦ ਆਗੂਆਂ ਵਿੱਚੋਂ ਮਨੁੱਖੀ ਅਧਿਕਾਰ ਸੰਗਠਨ ਦੇ ਜਗਜੀਤ ਭਟਾਲ, ਕਾਂਗਰਸ ਦੇ ਸੁਰਿੰਦਰ ਕੁਮਾਰ ਘੀ ਖੰਡ ਵਾਲੇ, ਗੁਰਨਾਮ ਸਿੰਘ ਟੇਲਰ ਮਾਸਟਰ, ਪਾਵਰਕਾਮ ਦੇ ਸੁਬਾਈ ਆਗੂ ਮਹਿੰਦਰ ਸਿੰਘ, ਗੁਰੀ ਚਹਿਲ, ਲੈਕਚਰਾਰ ਰਘਵੀਰ ਸਿੰਘ ਭੁਟਾਲ, ਭਾਜਪਾ ਆਗੂ ਵਿਨੋਦ ਸਿੰਗਲਾ, ਕਾਮਰੇਡ ਲਛਮਣ ਸਿੰਘ ਅਲੀਸ਼ੇਰ, ਭੂਰਾ ਸਿੰਘ ਕੋਆਰਡੀਨੇਟਰ ਬਹੁਜਨ ਸਮਾਜ, ਅਨਿਲ ਧਾਲੀਵਾਲ, ਕਿਸਾਨ ਜਥੇਬੰਦੀਆਂ ਅਤੇ ਹੋਰ ਵੀ ਬਹੁਤ ਸਾਰੇ ਆਗੂ ਮੌਜੂਦ ਸਨ।
ਸੁਨਾਮ ਊਧਮ ਸਿੰਘ ਵਾਲਾ 30 ਜੁਲਾਈ (ਰੁਪਿੰਦਰ ਸਿੰਘ ਸੱਗੂ) - ਅੱਜ ਸੁਨਾਮ ਊਧਮ ਸਿੰਘ ਵਾਲਾ ਵਿਖੇ ਸਫ਼ਾਈ ਕਰਮਚਾਰੀਆਂ ਅਤੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਪੈਦਲ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ਼ ਪ੍ਰਦਰਸ਼ਨ ਵਿੱਚ ਨਗਰ ਕੌਂਸਲ ਸੁਨਾਮ ਦੇ ਵੱਡੀ ਗਿਣਤੀ ਵਿੱਚ ਸਫ਼ਾਈ ਕਰਮਚਾਰੀਆਂ ਅਤੇ ਕੱਚੇ ਮੁਲਾਜ਼ਮਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਵੱਲੋਂ ਪੁਰਾਣੀ ਅਨਾਜ ਮੰਡੀ ਵਿਖੇ ਰੋਸ਼ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਅਤੇ ਕੱਚੇ ਮੁਲਾਜ਼ਮਾਂ ਲਈ ਠੰਡੇ ਪਾਣੀ ਅਤੇ ਠੰਡੇ ਜਲਜੀਰੇ ਦੀ ਛਬੀਲ ਲਗਾਈ ਗਈ। ਇਸ ਮੌਕੇ ਭਾਜਪਾ ਸਰਕਲ ਪ੍ਰਧਾਨ ਰਾਜੀਵ ਮੱਖਣ, ਸੰਜੇ ਗੋਇਲ ਖਡਿਆਲੀਆਂ ਜ਼ਿਲ੍ਹਾ ਜਨਰਲ ਸਕੱਤਰ, ਭਾਜਪਾ ਕੋਸਲਰ ਮੋਨਿਕਾ ਗੋਇਲ, ਰਿੰਕੂ ਆਲਮਪੁਰੀਆ, ਸ਼ੰਕਰ ਬਾਂਸਲ, ਰਜਿੰਦਰ ਬਿੱਟੂ, ਬਾਟੂ, ਰਵਿੰਦਰ ਰਵੀ,ਅਨਿਲ ਚੋਹਾਨ ਆਦਿ ਹਾਜ਼ਰ ਸਨ।
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ) - ਨਗਰ ਪੰਚਾਇਤ ਦਿੜ੍ਹਬਾ ਦੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰੌਕੀ ਕੁਮਾਰ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ। ਰੋਸ ਮੁਜ਼ਾਹਰੇ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਹਮਾਇਤ ਕੀਤੀ ਗਈ। ਰੌਕੀ ਕੁਮਾਰ, ਗੁਰਸੇਵਕ ਸਿੰਘ, ਕਿਸਾਨ ਆਗੂ ਹਰਜੀਤ ਸਿੰਘ ਮਹਿਲਾ ਅਤੇ ਬਲਾਕ ਖਜ਼ਾਨਚੀ ਜਗਦੀਪ ਸਿੰਘ ਮਹਿਲਾ ਨੇ ਕਿਹਾ ਕਿ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਜਬਰ ਕਰਕੇ ਲੋਕਾਂ ਤੇ ਰਾਜ ਕਰਨਾ ਚਾਹੁੰਦੀ ਹੈ ਇਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਬੰਦ ਨੂੰ ਦਿੜ੍ਹਬਾ ਸ਼ਹਿਰ ਦੇ ਦੁਕਾਨਦਾਰਾਂ ਨੇ ਸਾਰੀਆਂ ਦੁਕਾਨਾਂ ਬੰਦ ਕਰਕੇ ਸਮਰਥਨ ਦਿੱਤਾ। ਆਗੂਆਂ ਨੇ ਕਿਹਾ ਕਿ ਲਾਠੀਚਾਰਜ ਕਰਨ ਵਾਲੇ ਡੀ.ਐਸ.ਪੀ. ਅਤੇ ਐਸ.ਐਚ.ਓ. ਨੂੰ ਨੌਕਰੀ ਤੋਂ ਬਰਖਾਸਤ ਕਰਕੇ ਪਰਚਾ ਦਰਜ ਕੀਤਾ ਜਾਵੇ ਅਤੇ ਸਫ਼ਾਈ ਸੇਵਕਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਇਸ ਮੌਕੇ ਰੋਹਿਨ ਕੁਮਾਰ, ਕਰਮਜੀਤ ਕੌਰ, ਅਮਨਦੀਪ ਕੌਰ ,ਮਹਿੰਦਰ ਕੌਰ, ਬੀਕੇਯੂ ਉਗਰਾਹਾਂ ਤੋਂ ਹਰਬੰਸ ਸਿੰਘ ਦਿੜ੍ਹਬਾ, ਮਿਸ਼ਰਾ ਸਿੰਘ ਨਿਹਾਲਗੜ੍ਹ, ਬਲਵਿੰਦਰ ਸਿੰਘ ਜਨਾਲ, ਰੂਪ ਸਿੰਘ ਮੌੜ, ਆਤਮਾ ਸਿੰਘ ਜਨਾਲ, ਜਗਜੀਤ ਸਿੰਘ ਮਹਿਲਾ ਆਦਿ ਵੀ ਮੌਜੂਦ ਸਨ।
ਪੰਜਾਬ ਬੰਦ ਦੇ ਸੱਦੇ ’ਤੇ ਹੰਡਿਆਇਆ ਵਿਖੇ ਸਫ਼ਾਈ ਸੇਵਕਾਂ ਨੇ ਰੋਸ ਰੈਲੀ ਕੱਢੀ
ਹੰਡਿਆਇਆ, (ਗੁਰਜੀਤ ਸਿੰਘ ਖੁੱਡੀ)-ਨਗਰ ਨਿਗਮ ਬਰਨਾਲਾ ਦੇ ਸਫ਼ਾਈ ਸੇਵਕਾਂ ਉੱਪਰ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ’ਤੇ ਪੰਜਾਬ ਬੰਦ ਦੀ ਹੜਤਾਲ ਨੂੰ ਲੈ ਕੇ ਹੰਡਿਆਇਆ ਵਿਖੇ ਬਾਜ਼ਾਰ ਬੰਦ ਰਿਹਾ। ਨਗਰ ਪੰਚਾਇਤ ਦਫ਼ਤਰ ਹੰਡਿਆਇਆ ਵਿਖੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੈ ਕੁਮਾਰ ਖੁੱਡੀ, ਵਾਇਸ ਪ੍ਰਧਾਨ ਰਾਣੀ ਹੰਡਿਆਇਆ, ਸਕੱਤਰ ਪੰਕਜ ਕੁਮਾਰ, ਨਿਖਿਲ ਕੁਮਾਰ ਨੇ ਕਿਹਾ ਕਿ ਦਫ਼ਤਰ ਤੋਂ ਸ਼ੁਰੂ ਹੋ ਕੇ ਬਾਜ਼ਾਰ ਵਿਚ ਦੀ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਕਰ ਕੇ ਨਾਅਰੇਬਾਜੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਸਰਕਾਰ ਦੀ ਸਹਿ ’ਤੇ ਸਾਡੇ ਮੁਲਾਜਮਾਂ ਦੀ ਕੁੱਟਮਾਰ ਕੀਤੀ ਹੈ। ਜਿਸ ਦੀ ਅਸੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ ਤੇ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ। ਇਸ ਮੌਕੇ ਸੇਖਰ ਕੁਮਾਰ, ਕੁਮਾਰ ਸਾਨੂੰ, ਮੁਕੇਸ਼ ਕੁਮਾਰ, ਰਵੀ ਕੁਮਾਰ ਖੁੱਡੀ, ਅਮਨ ਦੀਪ ਅਤੇ ਸਮੂਹ ਸਫ਼ਾਈ ਸੇਵਕ ਹਾਜ਼ਰ ਸਨ।
ਸੁਨਾਮ ਊਧਮ ਸਿੰਘ ਵਾਲਾ, (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸਫ਼ਾਈ ਕਰਮਚਾਰੀਆਂ ਅਤੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੋਰਦਾਰ ਪ੍ਰਦਰਸ਼ਨ ਕਰਨ ਉਪਰੰਤ ਸੁਨਾਮ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੋਸ਼ ਮਾਰਚ ਕੀਤਾ ਗਿਆ। ਇਸ ਸਮੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਵਲੋਂ ਪੁਰਾਣੀ ਅਨਾਜ ਮੰਡੀ ਵਿਖੇ ਰੋਸ਼ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਅਤੇ ਕੱਚੇ ਮੁਲਾਜ਼ਮਾਂ ਲਈ ਠੰਡੇ ਪਾਣੀ ਅਤੇ ਠੰਡੇ ਜਲਜੀਰੇ ਦੀ ਛਬੀਲ ਲਗਾਈ ਗਈ। ਦਾਮਨ ਬਾਜਵਾ ਨੇ ਪ੍ਰਦਰਸ਼ਨਕਾਰੀਆਂ ਨਾਲ ਮਿਲਕੇ ਕਿਹਾ ਕਿ ਭਾਜਪਾ ਹਮੇਸ਼ਾ ਮਿਹਨਤਕਸ਼ ਵਰਗ ਦੇ ਨਾਲ ਖੜ੍ਹੀ ਹੈ ਅਤੇ ਸਫ਼ਾਈ ਕਰਮਚਾਰੀਆਂ ਤੇ ਕੱਚੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਪੂਰਾ ਸਮਰਥਨ ਕਰਦੀ ਹੈ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਰਾਜੀਵ ਮੱਖਣ, ਸੰਜੇ ਗੋਇਲ ਖਡਿਆਲੀਆਂ ਜ਼ਿਲ੍ਹਾ ਜਨਰਲ ਸਕੱਤਰ, ਭਾਜਪਾ ਕੌਂਸਲਰ ਮੋਨਿਕਾ ਗੋਇਲ, ਰਿੰਕੂ ਆਲਮਪੁਰੀਆ, ਸ਼ੰਕਰ ਬਾਂਸਲ, ਰਜਿੰਦਰ ਬਿੱਟੂ, ਰਵਿੰਦਰ ਰਵੀ ਅਤੇ ਅਨਿਲ ਚੋਹਾਨ ਆਦਿ ਮੌਜੂਦ ਸਨ।
ਲੌਂਗੋਵਾਲ, (ਵਿਨੋਦ ਸ਼ਰਮਾ)- ਸਫ਼ਾਈ ਸੇਵਕ ਯੂਨੀਅਨ ਅਤੇ ਸੀਵਰਮੈਨ ਯੂਨੀਅਨ ਪੰਜਾਬ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਲੌਂਗੋਵਾਲ ’ਚ ਭਰਵਾਂ ਹੁੰਗਾਰਾ ਮਿਲਿਆ। ਵਰਦਾ ਮੀਂਹ ਵੀ ਸਫ਼ਾਈ ਸੇਵਕਾਂ ਦੇ ਜੋਸ਼ ਨੂੰ ਮੱਠਾ ਨਾ ਕਰ ਸਕਿਆ। ਇਸ ਬੰਦ ਦੇ ਸੱਦੇ ਮੌਕੇ ਮੈਡੀਕਲ ਸਹੂਲਤਾਂ, ਡੇਅਰੀਆਂ ਨੂੰ ਛੱਡ ਕੇ ਕਸਬੇ ਦੀਆਂ ਸਮੂਹ ਦੁਕਾਨਾਂ ਬੰਦ ਰਹੀਆਂ। ਬਾਜ਼ਾਰਾਂ ਵਿਚ ਵੀ ਸੁਨਸਾਨ ਛਾਈ ਰਹੀ। ਇਸ ਮੌਕੇ ਸਫਾਈ ਸੇਵਕਾਂ ਵਲੋਂ ਕਸਬੇ ਦੇ ਬਜ਼ਾਰ ਵਿਚ ਰੋਸ ਮਾਰਚ ਕੱਢਿਆ ਗਿਆ ਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਸੰਘਰਸ਼ ਦੀ ਹਮਾਇਤ ਵਿੱਚ ਆਈ ਜੱਥੇਬੰਦੀ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਯੂਨੀਅਨ ਦੇ ਪ੍ਰਧਾਨ ਸ਼ੇਰ ਸਿੰਘ ਖੰਨਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰੇ। ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਆਗੂ ਅਮਰ ਸਿੰਘ ਨੇ ਕਿਹਾ ਕਿ ਬਰਨਾਲਾ ਵਿਖੇ ਸਫਾਈ ਸੇਵਕਾਂ ਤੇ ਕੀਤੇ ਤਸ਼ਦਦ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਅਤੇ ਸਫਾਈ ਕਾਮਿਆਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ। ਇਸ ਸੰਘਰਸ਼ ਨੂੰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਜ ਅਤੇ ਲੇਬਰ ਯੂਨੀਅਨ ਪੰਜਾਬ, ਨਗਰ ਕੌਂਸਲ ਦਾ ਦਫਤਰੀ ਸਟਾਫ, ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ, ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ, ਕਿਰਤੀ ਕਿਸਾਨ ਯੂਨੀਅਨ ਅਤੇ ਹੋਰਨਾਂ ਭਰਾਤਰੀ ਜਥੇਬੰਦੀਆਂ ਵੱਲੋਂ ਹਮਾਇਤ ਕੀਤੀ ਗਈ। ਇਸ ਮੌਕੇ ਅਮਰੀਕ ਸਿੰਘ ਪ੍ਰਧਾਨ ਸਫਾਈ ਸੇਵਕ ਯੂਨੀਅਨ ਲੌਂਗੋਵਾਲ, ਜਸਮੇਲ ਕੌਰ, ਕਰਮਜੀਤ ਕੌਰ, ਸ਼ੀਲਾ ਦੇਵੀ, ਹਰਦੀਪ ਸਿੰਘ, ਰਕੇਸ਼ ਸਿੰਘ, ਅਮਰੀਕ ਸਿੰਘ, ਬੂਟਾ ਸਿੰਘ, ਵਰਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬਲਜਿੰਦਰ ਸਿੰਘ, ਦਰਸ਼ਨ ਸਿੰਘ, ਰਾਜੀਵ ਕੁਮਾਰ, ਮਨਦੀਪ ਸਿੰਘ, ਸੁਖਪਾਲ ਸਿੰਘ, ਬਲਕਾਰ ਸਿੰਘ, ਬਲਵੀਰ ਚੰਦ, ਜੂਝਾਰ ਸਿੰਘ, ਲਖਵੀਰ ਸਿੰਘ, ਵਿਜੇ ਗੋਇਲ, ਗੁਰਮੇਲ ਸਿੰਘ ਚੋਟੀਆਂ ਵੀ ਹਾਜ਼ਰ ਸਨ।
ਖਨੌਰੀ, (ਬਲਵਿੰਦਰ ਸਿੰਘ ਥਿੰਦ)- ਪੰਜਾਬ ਭਰ ਵਿੱਚ ਸਫਾਈ ਕਰਮਚਾਰੀਆਂ ਵਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੇ ਮੱਦੇਨਜ਼ਰ ਵੀਰਵਾਰ ਨੂੰ ਖਨੌਰੀ ਵਿੱਚ ਨਗਰ ਪੰਚਾਇਤ ਦੇ ਸਫਾਈ ਕਰਮਚਾਰੀਆਂ ਨੇ ਸ਼ਹਿਰ ਅੰਦਰ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਸਫਾਈ ਕਰਮਚਾਰੀਆਂ ਨੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਵਿਸ਼ਾਲ ਰੋਸ ਮਾਰਚ ਕੱਢਦਿਆਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਲੋਕਲ ਬਾਡੀ ਮੰਤਰੀ ਦਾ ਪੁਤਲਾ ਫੂਕ ਕੇ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟਾਇਆ। ਇਸ ਰੋਸ ਪ੍ਰਦਰਸ਼ਨ ਨੂੰ ਵੱਖ-ਵੱਖ ਸਮਾਜਿਕ, ਕਿਸਾਨ, ਮਜ਼ਦੂਰ ਅਤੇ ਸਿਆਸੀ ਜਥੇਬੰਦੀਆਂ ਦਾ ਭਰਪੂਰ ਸਮਰਥਨ ਮਿਲਿਆ। ਪੱਲੇਦਾਰ ਯੂਨੀਅਨ, ਬਹੁਜਨ ਸਮਾਜ ਪਾਰਟੀ, ਭਾਰਤੀ ਜਨਤਾ ਪਾਰਟੀ, ਕਾਂਗਰਸ ਪਾਰਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਫਾਈ ਕਰਮਚਾਰੀਆਂ ਦੇ ਸੰਘਰਸ਼ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਰੋਸ ਇਕੱਠ ਨੂੰ ਸੰਬੋਧਨ ਕਰਦਿਆਂ ਸਫਾਈ ਕਰਮਚਾਰੀ ਯੂਨੀਅਨ ਖਨੌਰੀ ਦੇ ਪ੍ਰਧਾਨ ਰੋਬਿਨ ਕੁਮਾਰ, ਭਾਜਪਾ ਆਗੂ ਨੈਨੂੰ ਰਾਮ ਗਰਗ ਅਤੇ ਜਗਜੀਤ ਸਿੰਘ ਗੋਠਵਾਲ, ਕਾਂਗਰਸ ਆਗੂ ਜਤਿੰਦਰ ਸ਼ਰਮਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਜਗਪਾਲ ਸਿੰਘ ਕਾਲਾ ਬਹਿਣੀਵਾਲ, ਗੁਰਪ੍ਰੀਤ ਸਿੰਘ ਗੁਰਨੇ ਪ੍ਰੀਤ, ਜਸਵੰਤ ਸਿੰਘ ਠਸਕਾ ਅਤੇ ਪਰਮਿੰਦਰ ਸਿੰਘ ਠਸਕਾ, ਬਹੁਜਨ ਸਮਾਜ ਪਾਰਟੀ ਦੇ ਆਗੂ ਇੰਜੀਨੀਅਰ ਅਮਨ ਬੋਧ, ਰਾਮਦਾਸ ਭੁੱਕਲ, ਡਾ. ਰਾਜ ਕੁਮਾਰ, ਸ਼ਹਿਰੀ ਪ੍ਰਧਾਨ ਗੁਲਾਬ ਛਾਛੀਆ ਸਮੇਤ ਹੋਰ ਬੁਲਾਰਿਆਂ ਨੇ ਬਰਨਾਲਾ ਵਿੱਚ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ਉੱਤੇ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਪ੍ਰਦਰਸ਼ਨ ਦੌਰਾਨ ਗੁਰਮੀਤ ਸਿੰਘ ਗੋਗਾ ਪ੍ਰਧਾਨ ਐਫ ਸੀ ਆਈ ਪੱਲੇਦਾਰ ਯੂਨੀਅਨ, ਜਸਵੀਰ ਜੱਸੂ, ਬਲਾਕ ਆਗੂ ਰਮੇਸ਼ ਅਨਦਾਨਾ, ਕੁਲਦੀਪ ਗੁਲਾੜੀ, ਬਲਵੀਰ ਗੁਲਾੜੀ, ਦੇਸਾ ਨੰਬਰਦਾਰ, ਸੁਰੇਸ਼ ਭੂਲਣ, ਨਾਥਾ ਭੂਲਣ, ਜੋਰਾ ਅਨਦਾਨਾ, ਯੂਨੀਅਨ ਦੇ ਵਾਈਸ ਪ੍ਰਧਾਨ ਬਲਵੀਰ ਸਿੰਘ, ਸਲਾਹਕਾਰ ਕਸ਼ਮੀਰ ਸਿੰਘ, ਕੈਸ਼ੀਅਰ ਵਿਜੇ ਕੁਮਾਰ, ਅਵਤਾਰ ਸਾਗਰ, ਸੁਖਵਿੰਦਰ, ਰਾਜੂ, ਵਾਂਗੂ ਰਾਮ, ਮੇਹਰ, ਰਾਜਾ, ਸੁਸ਼ੀਲ, ਰਿੰਕੂ, ਤਲਵਿੰਦਰ, ਸੰਜੇ, ਸੁਖਚੈਨ ਸਿੰਘ, ਬਲਵਿੰਦਰ ਸਿੰਘ, ਵਿੱਕੀ, ਰਾਜ ਕੁਮਾਰ, ਸੁਭਾਸ਼ ਚੰਦ, ਨਿਰਮਲਾ, ਕਮਲਾ, ਕ੍ਰਿਸ਼ਨਾ, ਸੰਤੋ ਰਾਣੀ, ਰਾਣੀ, ਭੋਲੀ, ਸੀਲਾ ਦੇਵੀ, ਗੁੱਡੀ ਦੇਵੀ, ਸਰੋਜ, ਰੋਸ਼ਨੀ, ਸੁਨੀਤਾ, ਮੰਜੂ, ਪੰਮੀ, ਰਾਮਰਤੀ ਅਤੇ ਸੰਜੀਵ ਸਮੇਤ ਵੱਡੀ ਗਿਣਤੀ ਵਿੱਚ ਸਫਾਈ ਕਰਮਚਾਰੀਆਂ, ਸਮਾਜਿਕ ਕਾਰਕੁਨਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਅੰਤ ਵਿੱਚ ਸਮੂਹ ਜਥੇਬੰਦੀਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਹੱਲ ਕੱਢਣਾ ਸਮੇਂ ਦੀ ਲੋੜ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਗੰਭੀਰਤਾ ਨਾਲ ਮਸਲੇ ਦਾ ਨਿਪਟਾਰਾ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵਿਆਪਕ ਰੂਪ ਧਾਰ ਸਕਦਾ ਹੈ, ਜਿਸ ਲਈ ਸਰਕਾਰ ਖ਼ੁਦ ਜ਼ਿੰਮੇਵਾਰ ਹੋਵੇਗੀ।
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ)-ਨਗਰ ਨਿਗਮ ਬਰਨਾਲਾ ਦੇ ਸਫ਼ਾਈ ਸੇਵਕਾਂ ਉਪਰ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਸਫ਼ਾਈ ਸੇਵਕ ਕਰਮਚਾਰੀ ਯੂਨੀਅਨ (ਪੰਜਾਬ) ਦੇ ਸੱਦੇ ’ਤੇ ਪੰਜਾਬ ਬੰਦ ਦੀ ਹੜਤਾਲ ਨੂੰ ਲੈ ਕੇ ਮਲੇਰਕੋਟਲਾ ਵਿਖੇ ਬਾਜ਼ਾਰ ਬੰਦ ਰਹੇ। ਨਗਰ ਕੌਂਸਲ ਮਲੇਰਕੋਟਲਾ ਵਿਖੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਦੀਪਕ ਬੱਗਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਫ਼ਤਰ ਨਗਰ ਕੌਂਸਲ ਮਲੇਰਕੋਟਲਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਵਿਚ ਦੀ ਹੁੰਦੇ ਹੋਏ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਦੀ ਸ਼ਹਿ ’ਤੇ ਸਾਡੇ ਮੁਲਾਜਮਾਂ ਦੀ ਕੁੱਟਮਾਰ ਕੀਤੀ ਹੈ। ਜਿਸ ਦੀ ਅਸੀਂ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ ਤੇ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਸਫ਼ਾਈ ਸੇਵਕਾਂ ਦੀ ਮੰਗਾਂ ਨੂੰ ਹੱਲ ਕਰਨ ਦੇ ਲਈ ਬਿਲਕੁਲ ਵੀ ਗੰਭੀਰ ਨਹੀਂ ਜਾਪ ਰਹੀ। ਉਹਨਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨੂੰ ਪੰਜਾਬ ਸਰਕਾਰ ਨੇ ਨਾ ਮੰਨਿਆ ਤਾਂ ਆਉਣ ਵਾਲੇ ਦਿਨਾਂ ਅੰਦਰ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਗਈ ਰੋਸ ਰੈਲੀ ਵਿਚ ਮਲੇਰਕੋਟਲਾ ਵਾਸੀਆਂ ਨੇ ਆਪਣੇ-ਆਪਣੇ ਕਾਰੋਬਾਰ ਬੰਦ ਰੱਖਕੇ ਸਫ਼ਾਈ ਸੇਵਕਾਂ ਦਾ ਸਮਰਥਨ ਦੇਣ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਰੋਸ ਮਾਰਚ ਵਿਚ ਭਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਵੀ ਸ਼ਿਰਕਤ ਕਰਕੇ ਸਫ਼ਾਈ ਸੇਵਕਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਸਫ਼ਾਈ ਕਰਮਚਾਰੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਲਾਠੀਚਾਰਜ ਨੂੰ ਲੈ ਕੇ ਸਫਾਈ ਸੇਵਕਾਂ ਤੇ ਬੀਕੇਯੂ ਉਗਰਾਹਾਂ ਵਲੋਂ ਰੋਸ ਮੁਜ਼ਾਹਰਾ ਅਗਲੀ ਖ਼ਬਰ ਰਾਜ ਸਭਾ ’ਚ ਖੜਗੇ ਅਤੇ ਨੱਢਾ ਦਰਮਿਆਨ ਹੋਈ ਤਿੱਖੀ ਸ਼ਬਦੀ ਜੰਗ
Ad Position 24
No active advertisement