ਸ਼ੇਰਪੁਰ, 31 ਜੁਲਾਈ (ਦਰਸ਼ਨ ਸਿੰਘ ਖੇੜੀ) - ਸੰਤ ਬਾਬਾ ਹਾਕਮ ਸਿੰਘ ਗੱਡਾ ਸਿੰਘ ਵਾਲਾ ਦੇ ਪਰਿਵਾਰ ਨੇ ਬਹੁਤ ਹੀ ਔਖੀ ਘੜੀ ਸਮੇਂ ਭਾਈ ਗੁਰਇਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਦੀ ਮੌਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੇ ਸਾਰੇ ਆਗੂਆਂ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਹੈ। ਵਿੱਛੜੀ ਰੂਹ ਭਾਈ ਗੁਰਇਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਦੇ ਪਿਤਾ ਭਾਈ ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਨੇ ਕਿਹਾ ਕਿ ਸਾਡੇ ਪ੍ਰੀਵਾਰ ਲਈ ਇਹ ਔਖੀ ਘੜੀ ਅਤੇ ਮੁਸ਼ਕਿਲ ਪੈਂਡਿਆਂ ਸਮੇਂ ਜੋ ਵੀ ਧਾਰਮਿਕ, ਰਾਜਨੀਤਕ, ਸਮਾਜ ਸੇਵੀ ਸੰਸਥਾਵਾਂ ਅਤੇ ਵੱਖ ਵੱਖ ਅਦਾਰਿਆਂ ਦੇ ਅਫਸਰਾਂ ਤੇ ਮੁਲਾਜ਼ਮਾਂ ਨੇ ਹਾਅ ਦਾ ਨਾਅਰਾ ਮਾਰਦਿਆਂ ਸਾਨੂੰ ਦਿਲਾਸਾ ਦਿੱਤਾ, ਉਸਦੇ ਅਸੀਂ ਸਦਾ ਰਿਣੀ ਰਹਾਂਗੇ। ਉਨ੍ਹਾਂ ਕਿਹਾ ਕਿ ਇਸ ਅਨਮੋਲ ਹੀਰੇ ਦੇ ਤੁਰ ਜਾਣ ਨਾਲ ਇਕੱਲੇ ਸਾਡੇ ਪ੍ਰੀਵਾਰ ਨੂੰ ਹੀ ਘਾਟਾ ਨਹੀਂ ਪਿਆ ਸਗੋਂ ਸਮੁੱਚੀ ਮਾਨਵਤਾ ਅਤੇ ਵਿਸ਼ੇਸ਼ ਤੌਰ ’ਤੇ ਸਿੱਖ ਕੌਮ ਲਈ ਬਹੁਤ ਹੀ ਅਕਹਿ ਤੇ ਅਸਹਿ ਸਦਮਾ ਹੈ ਕਿਉਂਕਿ ਉਹ ਇਕੱਲੇ ਸਾਡੇ ਪਰਿਵਾਰ ਦਾ ਪੁੱਤਰ ਹੀ ਨਹੀਂ ਸੀ ਸਗੋਂ ਕੌਮ ਦਾ ਅਨਮੋਲ ਪ੍ਰਚਾਰਕ ਹੋ ਨਿੱਬੜਿਆ।