ਸੰਗਰੂਰ, 31 ਜੁਲਾਈ (ਧੀਰਜ ਪਸੋਰੀਆ) - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਹਰ ਵਰਗ ਲਈ ਬਿਹਤਰ ਜਨਤਕ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਇਸੇ ਲੜੀ ਤਹਿਤ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੂੰ ਨਾਲ ਲੈ ਕੇ ਸਿਟੀ ਪਾਰਕ ਸੰਗਰੂਰ ਦੇ ਸੁੰਦਰੀਕਰਨ ਲਈ 135.62 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਪਹਿਲਾਂ ਸੀਨੀਅਰ ਸਿਟੀਜਨ ਭਲਾਈ ਸੰਸਥਾ ਵੱਲੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੇ ਲੋਕਾਂ ਲਈ ਸਮਾਨ ਮੌਕੇ ਅਤੇ ਬਿਹਤਰ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ਲਈ ਵਚਨਬੱਧ ਹੈ। ਭਗਵੰਤ ਮਾਨ ਸਰਕਾਰ ਦੀ ਕਾਰਗੁਜਾਰੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਨੇ ਆਪਣੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਹੀ ਚੋਣਾਂ ਦੌਰਾਨ ਦਿੱਤੀ ਬਿਜਲੀ ਗਰੰਟੀ ਨੂੰ ਪੂਰਾ ਕਰ ਦਿੱਤਾ। ਉਸ ਤੋਂ ਬਾਅਦ ਸਕੂਲੀ ਸਿੱਖਿਆ ਵਿੱਚ ਅਹਿਮ ਸੁਧਾਰ ਕੀਤੇ ਹਨ ਜਿਸ ਦੀ ਬਦੌਲਤ ਪੰਜਾਬ ਨੇ ਕੇਰਲਾ ਵਰਗੇ ਸੂਬਿਆਂ ਨੂੰ ਵੀ ਪਿਛਾੜ ਦਿੱਤਾ ਹੈ। ਅਗਲੀ ਸਹੂਲਤ ਮਿਆਰੀ ਸਿਹਤ ਸੇਵਾਵਾਂ ਜਿਸ ਦੇ ਅਧੀਨ ਸੰਗਰੂਰ ਸ਼ਹਿਰ ਵਿੱਚ ਹੀ ਛੇ ਮਹੱਲਾ ਕਲੀਨਿਕ ਕਾਰਜਸ਼ੀਲ ਹਨ ਜਿੱਥੇ 107 ਤਰਾਂ ਦੀਆਂ ਦਵਾਈਆਂ ਦੇਣ ਦੇ ਨਾਲ ਨਾਲ 47 ਟੈਸਟ ਮੁਕਤ ਕੀਤੇ ਜਾਂਦੇ ਹਨ। ਜਰੂਰਤ ਪੈਣ ਤੇ ਅਲਟਰਾਸਾਊਂਡ ਦੀ ਸਹੂਲਤ ਵੀ ਮੁਫਤ ਮੁਹਈਆ ਕਰਵਾਈ ਜਾਂਦੀਹੈ। ਪੂਰੇ ਪੰਜਾਬ ਵਾਸੀਆਂ ਦਾ 10 ਲੱਖ ਰੁਪਏ ਦਾ ਮੁਫਤ ਸਿਹਤ ਬੀਮਾ ਹੋ ਚੁੱਕਿਆ ਹੈ ਜਿਸ ਤੋਂ ਵੱਡੀ ਗਿਣਤੀ ਲੋਕ ਲਾਹਾ ਲੈ ਰਹੇ ਹਨ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਲਾਗੂ ਕਰ ਕੇ ਉਹ ਕਰ ਦਿਖਾਇਆ ਜਿਸ ਨੂੰ ਵਿਰੋਧੀ ਪਾਰਟੀਆਂ ਦੇ ਆਗੂ ਦੇਖਦੇ ਹੀ ਰਹਿ ਗਏ।ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾ ਕੇ ਪੰਜਾਬ ਦੇ ਕਈ ਬਲਾਕਾਂ ਨੂੰ ਰੈਡ ਜੋਨ ਵਿੱਚੋਂ ਕੱਢ ਕੇ ਗ੍ਰੀਨ ਜ਼ੋਨ ਵਿੱਚ ਲਿਆਂਦਾ ਹੈ।ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ 68000 ਨੌਕਰੀਆਂ ਦੇ ਕੇ ਇਤਿਹਾਸ ਸਿਰਜਿਆ ਹੈ। ਸੜਕ ਸੁਰੱਖਿਆ ਫੋਰਸ ਨਾਲ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 50% ਤੋਂ ਵੱਧ ਕਮੀ ਕਰ ਕੇ ਕਈ ਕੀਮਤੀ ਜਾਨਾਂ ਨੂੰ ਬਚਾ ਲਿਆ ਹੈ।ਸੂਬਾ ਸਰਕਾਰ ਵੱਲੋਂ ਕੀਤੇ ਯਤਨਾਂ ਸਦਕਾ ਰਿਸ਼ਵਤ ਖੋਰੀ ਨੂੰ ਕਾਫੀ ਹੱਦ ਤੱਕ ਨਕੇਲ ਪਾ ਲਈ ਗਈ ਹੈ। ਸੀਨੀਅਰ ਸਿਟੀਜਨ ਭਲਾਈ ਸੰਸਥਾ ਅਤੇ ਮੌਜੂਦ ਸ਼ਹਿਰ ਵਾਸੀਆਂ ਵੱਲੋਂ ਵਿਧਾਇਕਾ ਭਰਾਜ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਅਧਿਕਾਰੀਆਂ ਤੋਂ ਇਲਾਵਾ ਵਿਧਾਇਕਾਂ ਦੇ ਪੀਏ ਗੁਰਵਿੰਦਰ ਸਿੰਘ ਚੱਠਾ, ਅਵਤਾਰ ਸਿੰਘ ਤਾਰੀ ਪ੍ਰਧਾਨ ਨਗਰ ਕੌਂਸਲ ਭਵਾਨੀਗੜ੍ਹ, ਟਿੰਕਲ ਗਰਗ, ਵਿਜੇ ਜੈਨ ਆੜਤੀਆ, ਸੁਖਵਿੰਦਰ ਸਿੰਘ ਸੁੱਖਾ ਚੇਅਰਮੈਨ, ਚਰਨਜੀਤ ਚੰਨੀ, ਰਵਿੰਦਰਪਾਲ ਸਿੰਘ ਨੋਨੀ, ਕ੍ਰਿਸ਼ਨ ਲਾਲ ਵਿੱਕੀ, ਅਵਤਾਰ ਸਿੰਘ ਤਾਰਾ, ਜਗਜੀਤ ਸਿੰਘ ਕਾਲਾ, ਹਰਮਨਦੀਪ ਕੌਰ, ਰਾਕੇਸ਼ ਕੁਮਾਰ ਰਿੰਕੂ, ਪੂਰਨ ਚੰਦ ਅਰੋੜਾ ਅਤੇ ਵੱਡੀ ਗਿਣਤੀ ਪਾਰਟੀ ਵਰਕਰ ਅਤੇ ਸ਼ਹਿਰ ਵਾਸੀ ਮੌਜੂਦ ਸਨ।