ਅਮਰਗੜ੍ਹ, 31 ਜੁਲਾਈ (ਜਤਿੰਦਰ ਮੰਨਵੀ) - ਇਲਾਕੇ ਦੀ ਨਾਮੀ ਵਿਦਿਅਕ ਸੰਸਥਾ ਤਾਰਾ ਵਿਵੇਕ ਕਾਲਜ ਗੱਜਣ ਮਾਜਰਾ ਵਿਖੇ ਪ੍ਰੋ: ਬਲਵਿੰਦਰ ਸਿੰਘ ਨੇ ਬਤੌਰ ਆਫੀਸ਼ੀਏਟ ਪ੍ਰਿੰਸੀਪਲ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਕਾਲਜ ਦੇ ਮੁੱਖ ਸੰਚਾਲਕ ਡਾ. ਪਰਮਿੰਦਰ ਕੌਰ ਮੰਡੇਰ ਉਚੇਚੇ ਤੌਰ ਤੇ ਹਾਜਰ ਸਨ।ਉਪ ਪ੍ਰਿੰਸੀਪਲ ਮੁਹੰਮਦ ਹਲੀਮ ਸਿਆਮਾ ਨੇ ਦੱਸਿਆ ਕਿ ਪ੍ਰੋ: ਬਲਵਿੰਦਰ ਸਿੰਘ ਨੂੰ ਸਿੱਖਿਆ ਦੇ ਖੇਤਰ ‘ਚ ਲੰਬਾ ਅਤੇ ਮਾਣਮੱਤਾ ਤਜਰਬਾ ਹਾਸਲ ਹੈ। ਉਨ੍ਹਾਂ 1993 ਤੋਂ ਫਰਵਰੀ 2022 ਤੱਕ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਬਤੌਰ ਐਸੋਸੀਏਟ ਪ੍ਰੋਫ਼ੈਸਰ ਜੌਗਰਫੀ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਉਨ੍ਹਾਂ 2022 ਤੋਂ 2024 ਤੱਕ ਸਰਕਾਰੀ ਕਾਲਜ ਸਿੱਧਸਰ ਵਿਖੇ ਬਤੌਰ ਪ੍ਰਿੰਸੀਪਲ ਵਜੋਂ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾਈਆਂ ਹਨ।ਕਾਲਜ ਦੇ ਸਰਪ੍ਰਸਤ ਅਤੇ ਮੁੱਖ ਸੰਚਾਲਕ ਡਾ. ਪਰਮਿੰਦਰ ਕੌਰ ਮੰਡੇਰ ਨੇ ਪ੍ਰੋ: ਬਲਵਿੰਦਰ ਸਿੰਘ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਣ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਯੋਗ ਅਗਵਾਈ ਹੇਠ ਕਾਲਜ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਪ ਪ੍ਰਿੰਸੀਪਲ ਪ੍ਰੋ: ਹਲੀਮ ਸ਼ਿਆਮਾ, ਪ੍ਰੋ.ਇਕਬਾਲ ਸਿੰਘ ਮੰਨਵੀ ਨੇ ਪ੍ਰਿੰਸੀਪਲ ਸਾਹਿਬ ਨੂੰ ਸਮੁੱਚੇ ਸਟਾਫ਼ ਨਾਲ ਰੂਬਰੂ ਕਰਵਾਇਆ। ਇਸ ਮੌਕੇ ਹਾਜ਼ਰ ਸਮੂਹ ਸਟਾਫ਼ ਮੈਂਬਰਾਂ ਨੇ ਕਾਲਜ ਦੇ ਨਵੇਂ ਪ੍ਰਿੰਸੀਪਲ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸਫ਼ਲ ਕਾਰਜਕਾਲ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਅਹੁਦਾ ਸੰਭਾਲਣ ਉਪਰੰਤ ਪ੍ਰਿੰਸੀਪਲ ਪ੍ਰੋ:ਬਲਵਿੰਦਰ ਸਿੰਘ ਨੇ ਆਖਿਆ ਕਿ ਉਹ ਕਾਲਜ ਦੀ ਅਕਾਦਮਿਕ ਗੁਣਵੱਤਾ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਪਹਿਲ ਦੇਣਗੇ।