ਐੱਨ.ਐੱਸ.ਕਿਊ.ਐੱਫ਼. ਦੇ ਗ੍ਰਿਫ਼ਤਾਰ ਆਗੂਆਂ ਦੀ ਰਿਹਾਈ ਕਰਵਾਈ
ਡੀ. ਟੀ. ਐੱਫ. , ਕਿਸਾਨ ਜਥੇਬੰਦੀਆਂ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਨੇ ਸੰਘਰਸ਼ ਦਾ ਕੀਤਾ ਸਮਰਥਨ
ਧੂਰੀ,1 ਅਗਸਤ (ਲਖਵੀਰ ਸਿੰਘ ਧਾਂਦਰਾ) - ਐਨ. ਐਸ.
ਧੂਰੀ,1 ਅਗਸਤ (ਲਖਵੀਰ ਸਿੰਘ ਧਾਂਦਰਾ) - ਐਨ.ਐਸ.ਕਿਊ.ਐੱਫ. ਵੋਕੇਸ਼ਨਲ ਟੀਚਰ ਫਰੰਟ ਪੰਜਾਬ ਵੱਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਕੀਤੇ ਘਿਰਾਓ ਦੌਰਾਨ ਸਮੂਹ ਸੰਘਰਸ਼ਸ਼ੀਲ ਅਧਿਆਪਕ ਨੂੰ ਗ੍ਰਿਫ਼ਤਾਰ ਕਰਕੇ ਧੂਰੀ ਸਮੇਤ ਵੱਖ ਵੱਖ ਥਾਣਿਆਂ ਵਿੱਚ ਫ਼ੜ ਕੇ ਲਿਆਂਦਾ ਗਿਆ ਸੀ । ਜੱਥੇਬੰਦੀ ਵੱਲੋਂ ਇਸ ਸੰਘਰਸ਼ ਦੌਰਾਨ ਸਾਥ ਦੇਣ ਵਾਲੀਆਂ ਸਮੂਹ ਭਰਾਤਰੀ ਜਥੇਬੰਦੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਫਰੰਟ ਨੇ ਕਿਹਾ ਕਿ ਅਧਿਆਪਕ ਜਥੇਬੰਦੀ ਡੀ.ਟੀ.ਐੱਫ. , ਕਿਸਾਨ ਜਥੇਬੰਦੀਆਂ, ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਧੂਰੀ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਨੇ ਸੰਘਰਸ਼ ਦੇ ਦੌਰਾਨ ਮੋਢੇ ਨਾਲ ਮੋਢਾ ਜੋੜ ਕੇ ਸਾਥ ਨਿਭਾਇਆ ਅਤੇ ਥਾਣਿਆਂ ਵਿੱਚੋਂ ਗ੍ਰਿਫਤਾਰ ਸਾਥੀਆਂ ਦੀ ਰਿਹਾਈ ਲਈ ਅਹਿਮ ਭੂਮਿਕਾ ਨਿਭਾਈ। ਫਰੰਟ ਵੱਲੋਂ ਵਿਸ਼ੇਸ਼ ਤੌਰ ’ਤੇ ਡੀਟੀਐੱਫ ਦੇ ਸਾਥੀ ਯਾਦਵਿੰਦਰ ਪਾਲ , ਅਮਰਿੰਦਰ ਸਿੰਘ, ਸੁਖਪਾਲ ਸਿੰਘ, ਅਸ਼ਵਨੀ ਕੁਮਾਰ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਧੂਰੀ ਦੇ ਸਾਥੀ ਚਰਨਜੀਤ ਸਿੰਘ ਕੈਂਥ, ਡਾ. ਅਮਰਜੀਤ ਸਿੰਘ ਅਤੇ ਜਮੂਹਰੀ ਅਧਿਕਾਰ ਸਭਾ ਪੰਜਾਬ ਦੇ ਆਗੂ ਵਿਸਾਖਾ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਸਾਡੇ ਸਾਥੀਆਂ ਦੀ ਥਾਣਿਆਂ ਵਿੱਚੋਂ ਰਿਹਾਈ ਲਈ ਅਹਿਮ ਯੋਗਦਾਨ ਪਾਇਆ। ਫਰੰਟ ਨੇ ਦੱਸਿਆ ਕਿ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਹਰ ਸੰਘਰਸ਼ ਅਤੇ ਐਕਸ਼ਨ ਵਿੱਚ ਉਹ ਪਹਿਲਾਂ ਨਾਲੋਂ ਵੀ ਵੱਧ ਗਿਣਤੀ ਅਤੇ ਪੂਰੀ ਤਨਦੇਹੀ ਨਾਲ ਫਰੰਟ ਦਾ ਸਾਥ ਦੇਣਗੇ। ਫਰੰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਪੰਜਾਬ ਸਰਕਾਰ ਵੋਕੇਸ਼ਨਲ ਟੀਚਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਦਾ ਜਲਦ ਹੱਲ ਨਹੀਂ ਕਰਦੀ, ਤਾਂ ਬਹੁਤ ਜਲਦੀ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਫਰੰਟ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਨਵੇਂ ਸੰਘਰਸ਼ੀ ਐਕਸ਼ਨਾਂ ਦਾ ਐਲਾਨ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਪੰਜਾਬ ਦੇ ਵੱਖ-ਵੱਖ ਸਥਾਨਾਂ ’ਤੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਫਰੰਟ ਨੇ ਦੁਹਰਾਇਆ ਕਿ ਜਦੋਂ ਤੱਕ ਵੋਕੇਸ਼ਨਲ ਟੀਚਰਾਂ ਦੀਆਂ ਜਾਇਜ਼ ਮੰਗਾਂ ਦਾ ਠੋਸ ਹੱਲ ਨਹੀਂ ਹੁੰਦਾ, ਉਦੋਂ ਤੱਕ ਸੰਘਰਸ਼ ਪੂਰੀ ਮਜ਼ਬੂਤੀ ਨਾਲ ਜਾਰੀ ਰਹੇਗਾ।