ਡੀ.ਆਈ.ਜੀ. ਸ਼ਰਮਾ ਦੀ ਅਗਵਾਈ ਹੇਠ ਸੈਂਕੜੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਰੇਲਵੇ ਸਟੇਸ਼ਨ ਦੀ ਕੀਤੀ ਅਚਨਚੇਤ ਚੈਕਿੰਗ
ਸੰਗਰੂਰ, 10 ਅਗਸਤ (ਦਮਨਜੀਤ ਸਿੰਘ)–ਡੀ. ਆਈ.
ਸੰਗਰੂਰ, 10 ਅਗਸਤ (ਦਮਨਜੀਤ ਸਿੰਘ)–ਡੀ.ਆਈ.ਜੀ. ਸੰਦੀਪ ਕੁਮਾਰ ਸ਼ਰਮਾ ਅਤੇ ਐੱਸ.ਐੱਸ.ਪੀ. ਸੰਗਰੂਰ ਡਾ: ਰਵਜੋਤ ਗਰੇਵਾਲ ਦੀ ਅਗਵਾਈ ਹੇਠ ਅੱਜ ਸੰਗਰੂਰ ਪੁਲਿਸ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਦੀ ਅਚਨਚੇਤ ਚੈਕਿੰਗ ਕੀਤੀ ਗਈ। ਵੱਡੀ ਗਿਣਤੀ ਵਿੱਚ ਸੰਗਰੂਰ ਪੁਲਿਸ ਦੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਵਿਖੇ ਚੈਕਿੰਗ ਕਰਨ ਲਈ ਪਹੁੰਚੇ ਡੀ.ਆਈ.ਜੀ. ਸੰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੀ ਆਮਦ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਅੰਦਰ ਸੁਰੱਖਿਆ ਦੇ ਕੜੇ ਬੰਦੋਬਸਤ ਕੀਤੇ ਗਏ ਹਨ ਜਿਸ ਤਹਿਤ ਭੀੜ ਭਾੜ ਵਾਲੇ ਇਲਾਕਿਆਂ ਦੀ ਅਚਨਚੇਤ ਚੈਕਿੰਗ ਦੇ ਨਾਲ ਨਾਲ ਵੱਖ ਵੱਖ ਥਾਈਂ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ ਕੜੀ ਤਹਿਤ ਹੀ ਅੱਜ ਸੰਗਰੂਰ ਦੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ। ਡੀ.ਆਈ.ਜੀ. ਸ਼ਰਮਾ ਪਾਸੋਂ ਪੰਜਾਬ ਅੰਦਰ ਰੋਜ਼ਾਨਾ ਵਾਂਗ ਹੀ ਸਰਕਾਰੀ ਇਮਾਰਤਾਂ ਜਾਂ ਸਕੂਲਾਂ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਮਿਲ ਰਹੀਆਂ ਈ-ਮੇਲਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਹਰ ਇੱਕ ਮੇਲ ਨੂੰ ਪੰਜਾਬ ਪੁਲਿਸ ਵੱਲੋਂ ਬੜੀ ਗੰਭੀਰਤਾ ਨਾਲ ਲੈਂਦਿਆਂ ਉਸ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਜੇਕਰ ਕੋਈ ਈ-ਮੇਲ ਅਸਲੀ ਪਾਈ ਜਾਂਦੀ ਹੈ ਤਾਂ ਉਸ ਸਬੰਧੀ ਤੁਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆ ਕੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਂਦੇ ਹਨ। ਐੱਸ.ਐੱਸ.ਪੀ ਸੰਗਰੂਰ ਡਾ: ਰਵਜੋਤ ਗਰੇਵਾਲ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੀ ਆਮਦ ਨੂੰ ਲੈ ਕੇ ਜ਼ਿਲ੍ਹਾ ਸੰਗਰੂਰ ਅੰਦਰ ਤਾਇਨਾਤ ਸਾਰੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਜ਼ਿਲ੍ਹੇ ਵਿੱਚ ਹਰੇਕ ਪੱਖ ਤੋਂ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਨਾਉਣ ਅਤੇ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਾ ਚੁੱਕਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਅੰਦਰ ਦਿਨ ਅਤੇ ਰਾਤ ਦੇ ਨਾਕਿਆਂ ਦੇ ਨਾਲ ਨਾਲ ਪੁਲਿਸ ਪੈਟਰੋ Ç ਲੰਗ ਵਿੱਚ ਵਾਧਾ ਕੀਤਾ ਗਿਆ ਹੈ। ਇਸ ਮੌਕੇ ਐੱਸ.ਪੀ. (ਐੱਚ) ਰਾਜੇਸ਼ ਛਿੱਬਰ, ਐੱਸ.ਪੀ. (ਡੀ) ਦਵਿੰਦਰ ਅੱਤਰੀ, ਡੀ.ਐੱਸ.ਪੀ. ਦਲਬੀਰ ਸਿੰਘ ਸਿੱਧੂ, ਡੀ.ਐੱਸ.ਪੀ. ਤੇਜਿੰਦਰ ਸਿੰਘ, ਥਾਣਾ ਸਿਟੀ -1 ਮੁਖੀ ਇੰਸ: ਸੁਖਦੀਪ ਸਿੰਘ, ਥਾਣਾ ਰੇਲਵੇ ਮੁਖੀ ਹਰਵਿੰਦਰ ਸਿੰਘ ਅਤੇ ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਪਵਨ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਸਨ।