ਨਸ਼ਿਆਂ ਖ਼ਿਲਾਫ਼ ਨਮੋਲ ਵਾਸੀਆਂ ਨੇ ਵਜਾਇਆ ਬਿਗਲ
ਲੌਂਗੋਵਾਲ, 1 ਸਤੰਬਰ (ਵਿਨੋਦ ਖੰਨਾ)- ਨਮੋਲ ਅਤੇ ਮਿਰਜ਼ਾ ਪੱਤੀ ਨਮੋਲ ਦੇ ਵਾਸੀਆਂ ਨੇ ਪਿੰਡ ਨੂੰ ਨਸ਼ਾ ਮੁਕਤ ਅਤੇ ਸਮਾਜਿਕ ਤੌਰ ’ਤੇ ਬਿਹਤਰ ਬਣਾਉਣ ਲਈ ਇਕਜੁੱਟ ਹੁੰਦਿਆਂ ਕਈ ਅਹਿਮ ਫੈਸਲੇ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਦੋਵੇਂ ਪਿੰਡਾਂ ਦੇ ਮੁਹਤਬਰ ਵਿਅਕਤੀਆਂ, ਵੱਖ-ਵੱਖ ਜਥੇਬੰਦੀਆਂ, ਖੇਡ ਕਲੱਬਾਂ ਅਤੇ ਦੋਵੇਂ ਪੰਚਾਇਤਾਂ ਦਾ ਸਾਂਝਾ ਇਕੱਠ ਪਿੰਡ ਦੀ ਸੱਥ ਵਿੱਚ ਹੋਇਆ ।
ਲੌਂਗੋਵਾਲ, 1 ਸਤੰਬਰ (ਵਿਨੋਦ ਖੰਨਾ)- ਨਮੋਲ ਅਤੇ ਮਿਰਜ਼ਾ ਪੱਤੀ ਨਮੋਲ ਦੇ ਵਾਸੀਆਂ ਨੇ ਪਿੰਡ ਨੂੰ ਨਸ਼ਾ ਮੁਕਤ ਅਤੇ ਸਮਾਜਿਕ ਤੌਰ ’ਤੇ ਬਿਹਤਰ ਬਣਾਉਣ ਲਈ ਇਕਜੁੱਟ ਹੁੰਦਿਆਂ ਕਈ ਅਹਿਮ ਫੈਸਲੇ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਦੋਵੇਂ ਪਿੰਡਾਂ ਦੇ ਮੁਹਤਬਰ ਵਿਅਕਤੀਆਂ, ਵੱਖ-ਵੱਖ ਜਥੇਬੰਦੀਆਂ, ਖੇਡ ਕਲੱਬਾਂ ਅਤੇ ਦੋਵੇਂ ਪੰਚਾਇਤਾਂ ਦਾ ਸਾਂਝਾ ਇਕੱਠ ਪਿੰਡ ਦੀ ਸੱਥ ਵਿੱਚ ਹੋਇਆ । ਇਕੱਠ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪਿੰਡ ਦੀ ਕੋਈ ਵੀ ਦੁਕਾਨ ਐਨਰਜੀ ਡਰਿੰਕ ਅਤੇ ਅਲਮੀਨੀਅਮ ਪੇਪਰ ਨਹੀਂ ਵੇਚੇਗੀ । ਮੈਡੀਕਲ ਸਟੋਰ ਸੰਚਾਲਕ ਵੀ ਕਿਸੇ ਵਿਅਕਤੀ ਨੂੰ ਨਸ਼ੇ ਨਾਲ ਸੰਬੰਧਿਤ ਦਵਾਈਆਂ ਜਾਂ ਸਰਿੰਜਾਂ ਨਹੀਂ ਵੇਚਣਗੇ । ਇਸ ਤੋਂ ਇਲਾਵਾ ਸਾਰੇ ਦੁਕਾਨਦਾਰ ਸ਼ਾਮ 8:30 ਵਜੇ ਤੋਂ ਬਾਅਦ ਆਪਣੀਆਂ ਦੁਕਾਨਾਂ ਬੰਦ ਰੱਖਣਗੇ । ਪਿੰਡ ਵਾਸੀਆਂ ਨੇ ਸਖ਼ਤ ਫੈਸਲਾ ਲੈਂਦਿਆਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਸਮੁੱਚਾ ਪਿੰਡ ਇਕਜੁੱਟ ਹੋ ਕੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਏਗਾ। ਨਸ਼ਾ ਕਰਨ ਜਾਂ ਵੇਚਣ ਵਾਲੇ ਕਿਸੇ ਵਿਅਕਤੀ ਦੀ ਜੇਕਰ ਪਿੰਡ ਦਾ ਕੋਈ ਮੈਂਬਰ, ਨੰਬਰਦਾਰ ਜਾਂ ਸਰਪੰਚ ਜ਼ਮਾਨਤ ਕਰਵਾਉਂਦਾ ਹੈ ਤਾਂ ਉਸ ਦੇ ਘਰ ਅੱਗੇ ਪਿੰਡ ਵਾਸੀਆਂ ਵਲੋਂ ਧਰਨਾ ਦੇਣ ਦਾ ਵੀ ਫੈਸਲਾ ਕੀਤਾ ਗਿਆ। ਇਕੱਠ ਵਿੱਚ ਇਹ ਵੀ ਤੈਅ ਕੀਤਾ ਗਿਆ ਕਿ ਪਿੰਡ ਵਿੱਚ ਕਿਸੇ ਅਣਪਛਾਤੇ ਜਾਂ ਗੈਰ-ਵਿਅਕਤੀ ਦੇ ਮਿਲਣ ’ਤੇ ਉਸ ਦੀ ਪਛਾਣ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜ ਪੈਣ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸੇ ਤਰ੍ਹਾਂ ਸਾਂਝੀਆਂ ਥਾਵਾਂ ’ਤੇ ਰਾਤ 9 ਵਜੇ ਤੋਂ ਬਾਅਦ ਬਿਨਾਂ ਕਿਸੇ ਕੰਮ ਤੋਂ ਬੈਠਣ ’ਤੇ ਵੀ ਰੋਕ ਲਗਾਈ ਗਈ ਹੈ। ਪਿੰਡ ਵਾਸੀਆਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ੇ ਦੇ ਕਾਰੋਬਾਰ ਜਾਂ ਨਸ਼ਾ ਕਰਨ ਵਾਲੇ ਕਿਸੇ ਵਿਅਕਤੀ ਸਬੰਧੀ ਸ਼ਿਕਾਇਤ ਕਰਦਾ ਹੈ ਤਾਂ ਪੂਰਾ ਪਿੰਡ ਉਸ ਦਾ ਸਾਥ ਦੇਵੇਗਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਖਬੀਰ ਸਿੰਘ ਪੂਨੀਆ, ਸਰਪੰਚ ਗੁਰਮੀਤ ਕੌਰ ਪੂਨੀਆ, ਪੰਚ ਕਰਮਜੀਤ ਖਾਂ, ਪੰਚ ਪਰਮਜੀਤ ਸਿੰਘ, ਪੰਚ ਰਾਮ ਸਿੰਘ, ਹੈਪੀ ਸਿੰਘ, ਸਰਪੰਚ ਬਾਬੂ ਸਿੰਘ, ਪੰਚ ਦੇਸਾ ਸਿੰਘ, ਪੰਚ ਅੰਮ੍ਰਿਤਪਾਲ ਸਿੰਘ, ਪੰਚ ਜਸਪਾਲ ਕੌਰ, ਪੰਚ ਸਰਬਜੀਤ ਕੌਰ, ਪੰਚ ਪਰਮਜੀਤ ਕੌਰ, ਪੰਚ ਬਲਦੇਵ ਸਿੰਘ ਅਤੇ ਪੰਚ ਮੇਵਾ ਸਿੰਘ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।